ਰੂਪਨਗਰ: ਜ਼ਿਲ੍ਹੇ ’ਚ ਮੋਹਾਲੀ ਜਿਲੇ ਦੇ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੀ ਕਾਰ ਸ਼ੱਕੀ ਹਾਲਾਤਾ ਚ ਭਾਖੜਾ ਨਹਿਰ ਚ ਡਿੱਗ ਗਈ ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਮਲੇ ਸਬੰਧੀ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ’ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ ’ਤੇ ਪਰਚੇ ਦਰਜ ਕਰਵਾ ਦਬਾਅ ਬਣਾਇਆ ਜਾ ਰਿਹਾ ਹੈ।
ਇਸ ਦੋਰਾਨ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਰੋਪੜ ਦੇ ਥਾਣਾ ਸਿੰਘ ਭਗਵੰਤਪੁਰਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇਸ ਘਟਨਾ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੀਡਰਾਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਜਦੋਂ ਤੋਂ ਬਣੀ ਹੈ ਉਦੋਂ ਤੋ ਹੀ ਸਿਆਸੀ ਬਦਲਾਖੋਰੀ ਦੀ ਨੀਤੀ ’ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਹਾਲੀ ਦੇ ਵਿਧਾਇਕ ਸਣੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਸਿਆਸੀ ਬਦਲਾਖੋਰੀ ਤਹਿਤ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਦਿਆ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਬਣਦੇ ਜਾ ਰਹੇ ਹਾਲਾਤਾਂ ’ਤੇ ਘੇਰਿਆ।
ਇਹ ਸੀ ਪੂਰਾ ਮਾਮਲਾ: ਰੋਪੜ ਦੇ ਭਿਓਰਾ ਪੁੱਲ ਹੇਠਾਂ ਲੰਘਦੀ ਭਾਖੜਾ ਨਹਿਰ ਚ ਇੱਕ ਕਾਰ ਡਿੱਗ ਗਈ ਸੀ। ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਮੁਹਾਲੀ ਜ਼ਿਲ੍ਹੇ ਦੇ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੀ ਕਾਰ ਸ਼ੱਕੀ ਹਾਲਾਤਾਂ ’ਚ ਭਾਖੜਾ ਨਹਿਰ ’ਚ ਡਿੱਗੀ ਸੀ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਗੋਤਾਖੋਰਾਂ ਵੱਲੋਂ ਤੁਰੰਤ ਕਾਰ ਸਵਾਲ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚਾ ਨਹੀਂ ਸਕੇ। ਇਸ ਦੀ ਸੂਚਨਾ ਗੋਤਾਖੋਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ।
ਮੌਕੇ ’ਤੇ ਮੌਜੂਦ ਪੁਲਿਸ ਨੇ ਕਾਫੀ ਮੁਸ਼ਕਤ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਪਰ ਉਸ ਸਮੇਂ ਤੱਕ ਗੁਰਧਿਆਨ ਸਿੰਘ ਦੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਗੁਰਧਿਆਨ ਸਿੰਘ ਮੁਹਾਲੀ ਜ਼ਿਲ੍ਹਾਂ ਕੌਸਲਰ ਦੇ ਚੇਅਰਪਸਨ ਜਸਵਿੰਦਰ ਕੋਰ ਦੇ ਪਤੀ ਸਨ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਜਦੀਕੀ ਵੀ ਸਨ।