ਰੂਪਨਗਰ: ਪੰਜਾਬ ਸੀਟੂ ਦੇ ਉਪ-ਪ੍ਰਧਾਨ ਕਾਮਰੇਡ ਕੁਲਵਿੰਦਰ ਸਿੰਘ ਉੱਤੇ ਵਹਿਸ਼ੀਆਨਾ ਤਸ਼ੱਦਦ ਕਰਨ ਵਾਲੇ ਮਾਨਸਾ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਰੂਪਨਗਰ ਵਿੱਚ ਸੀਟੂ ਨੇ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ। ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਮਰੇਡਾਂ ਨੇ ਪੰਜਾਬ ਪੁਲਿਸ ਦੇ ਖਿਲਾਫ ਰੋਸ ਮੁਜਾਹਰਾ ਕਰ ਧਰਨਾ ਦਿੱਤਾ।
ਸੀਟੂ ਆਗੂਆਂ ਨੇ ਦੱਸਿਆ ਕਿ 5 ਸਤੰਬਰ ਨੂੰ ਸੀਟੂ ਦੇ ਮਾਨਸਾ ਦਫ਼ਤਰ ਦੇ ਵਿੱਚ ਜਬਰਦਸਤੀ ਦਾਖਲ ਹੋ ਕੇ ਪੰਜਾਬ ਸੀਟੂ ਦੇ ਸੂਬਾਈ ਉਪ ਪ੍ਰਧਾਨ ਕਾਮਰੇਡ ਕੁਲਵਿੰਦਰ ਸਿੰਘ ਅਤੇ ਕਈ ਸੀਟੂ ਵਰਕਰਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਮਾਨਸਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ। ਜਿਸ ਦੇ ਵਿਰੋਧ ਵਿਚ ਅੱਜ ਰੋਪੜ ਦੇ ਵਿੱਚ ਸੀਟੂ ਵੱਲੋਂ ਧਰਨਾ ਲਗਾਇਆ ਗਿਆ ਹੈ।
ਇਸ ਸਬੰਧੀ ਸੀਟੂ ਆਗੂ ਕਾਮਰੇਡ ਜਸਵੰਤ ਸਿੰਘ ਸੈਣੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਜੇ ਸਰਕਾਰ ਨੇ ਮਾਨਸਾ ਪੁਲਿਸ ਵਿਰੁੱਧ ਐਕਸ਼ਨ ਨਾ ਲਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।