ਰੂਪਨਗਰ: ਜ਼ਿਲ੍ਹੇ ਵਿੱਚ ਮੱਕੀ ਦੀ ਚੰਗੀ ਪੈਦਾਵਾਰ ਹੁੰਦੀ ਹੈ। ਖੇਤੀਬਾੜੀ ਮਹਿਕਮੇ ਵੱਲੋਂ ਜ਼ਿਲ੍ਹੇ ਦੇ ਵਿੱਚ ਮੱਕੀ ਦਾ ਰਕਬਾ ਵੀ ਇਸ ਵਰ੍ਹੇ ਕਾਫੀ ਵਧਾਇਆ ਗਿਆ ਹੈ।
ਝੋਨੇ ਦੀ ਫ਼ਸਲ ਤੋਂ ਮੱਕੀ ਵੱਲ ਆਕਰਸ਼ਿਤ ਕਰਨ ਵਾਸਤੇ ਖੇਤੀਬਾੜੀ ਮਹਿਕਮਾ ਰੂਪਨਗਰ ਜ਼ਿਲ੍ਹੇ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈ। ਇਸ ਸਾਲ 28 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੱਕੀ ਬੀਜੀ ਗਈ ਹੈ ਜਦਕਿ ਪਿਛਲੇ ਸਾਲ ਮੱਕੀ ਹੇਠ ਕੁੱਲ ਰਕਬਾ 21 ਹਜ਼ਾਰ ਹੈਕਟੇਅਰ ਸੀ।
ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕੇ ਦੇ ਕਿਸਾਨ ਸਭ ਤੋਂ ਵੱਧ ਮੱਕੀ ਦੀ ਪੈਦਾਵਾਰ ਕਰਦੇ ਹਨ। ਉਧਰ ਦੂਜੇ ਪਾਸੇ ਝੋਨੇ ਦੇ ਅਧੀਨ ਪੈਂਤੀ ਹਜ਼ਾਰ ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ ਅਤੇ ਜਿਸ ਵਿੱਚ ਸਿੱਧੀ ਬਿਜਾਈ ਵੀ ਕੀਤੀ ਗਈ ਹੈ।
ਇਸ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ ਮੱਕੀ ਦੇ ਅਧੀਨ ਰਕਬੇ ਨੂੰ ਵਧਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਹਿਕਮੇ ਦੀ ਟੀਮ ਵੱਲੋਂ ਜਗ੍ਹਾ ਜਗ੍ਹਾ ਮੱਕੀ ਦੇ ਖੇਤਾਂ ਦੇ ਸਰਵੇ ਕੀਤੇ ਜਾ ਰਹੇ ਹਨ ਅਤੇ ਕਈ ਜਗ੍ਹਾ ਵੇਖਣ ਨੂੰ ਆਇਆ ਹੈ ਕਿ ਮੱਕੀ ਦੀ ਫ਼ਸਲ 'ਤੇ ਕੀੜਿਆਂ ਦਾ ਅਟੈਕ ਵੇਖਣ ਨੂੰ ਮਿਲਿਆ ਹੈ। ਡਾ. ਅਵਤਾਰ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਸਿਫਾਰਿਸ਼ ਕੀਤੀਆਂ ਜ਼ਰੂਰੀ ਦਵਾਈਆਂ ਦਾ ਛਿੜਕਾਅ ਕਰਨ ਅਤੇ ਹੋਰ ਵਧੇਰੇ ਜਾਣਕਾਰੀ ਵਈ ਉਹ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਨਾਲ ਜ਼ਰੂਰ ਸੰਪਰਕ ਕਰਨ।