ਰੂਪਨਗਰ: ਪੰਜਾਬ ਭਰ ਵਿੱਚ ਝੋਨੇ ਦੀ ਲਵਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ। ਅਜਿਹੇ ਵਿੱਚ ਝੋਨੇ ਦੀ ਫ਼ਸਲ ਲਈ ਪਾਣੀ ਦੀ ਸਭ ਤੋਂ ਵੱਧ ਡਿਮਾਂਡ ਹੁੰਦੀ ਹੈ। ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਟਿਊਬਲ ਰਾਹੀਂ ਝੋਨੇ ਲਈ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਜਦ ਕਿ ਰੂਪਨਗਰ ਵਿੱਚੋਂ ਨਿਕਲਦੇ ਸਤਲੁਜ ਦਰਿਆ ਦੇ ਹੈੱਡ ਵਰਕਸ ਤੋਂ ਨਿਕਲਦੀਆਂ ਦੋ ਨਹਿਰਾਂ ਸਰਹਿੰਦ ਕੈਨਾਲ ਅਤੇ ਬਿਸਤ ਦੋਆਬ ਦੁਆਰਾ ਪੰਜਾਬ ਦੇ 70 ਫੀਸਦੀ ਖ਼ੇਤਰ ਨੂੰ ਝੋਨੇ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜਲ ਸਰੋਤ ਮਹਿਕਮੇ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਰੂਪਨਗਰ ਵਿੱਚੋਂ ਨਿਕਲਣ ਵਾਲੀਆਂ ਇਨ੍ਹਾਂ ਦੋਹਾਂ ਨਹਿਰਾਂ ਰਾਹੀਂ ਦੋਆਬਾ ਅਤੇ ਮਾਲਵਾ ਬੈਲਟ ਦੇ ਇਲਾਕੇ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਵਿੱਚ ਬਿਸਤ ਦੁਆਬ ਨਹਿਰ ਰਾਹੀਂ ਦੋਆਬਾ ਇਲਾਕੇ ਦੇ ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਸਰਹਿੰਦ ਨਹਿਰ ਰਾਹੀਂ ਮਾਲਵਾ ਇਲਾਕੇ ਵਿੱਚ ਪੈਂਦੇ ਮੋਗਾ, ਲੁਧਿਆਣਾ, ਫ਼ਰੀਦਕੋਟ, ਬਠਿੰਡਾ, ਮਾਨਸਾ ਪਟਿਆਲਾ, ਸੰਗਰੂਰ ਤੱਕ ਸਿੰਚਾਈ ਵਾਸਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਹੁਣ ਮੀਂਹ ਦੇ ਦਿਨ ਸ਼ੁਰੂ ਹੋ ਗਏ ਹਨ ਉਸ ਨੂੰ ਵੇਖਦਿਆਂ ਡਿਮਾਂਡ ਮੁਤਾਬਕ ਨਿਰਵਿਘਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਾਸਤੇ ਨਹਿਰੀ ਪਾਣੀ ਸਪਲਾਈ ਕੀਤਾ ਜਾਵੇਗਾ।