ਰੂਪਨਗਰ:10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ ਪਰ ਇੰਨ੍ਹਾਂ ਨਤੀਜਿਆਂ ਦੇ ਆਉਣ ਤੋਂ ਕੇਵਲ ਇੱਕ ਦਿਨ ਪਹਿਲਾਂ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੀ ਕਲਮਾ ਪੁਲਿਸ ਚੌਂਕੀ ਦੀ ਕੰਧ ਨਾਲ ਧਮਾਕਾ ਹੋਣ ਦਾ ਮਾਮਲਾ (Blast near police station in Nurpur Bedi) ਸਾਹਮਣੇ ਆਇਆ। ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ ਤੇ ਪੁਲਿਸ ਦੇ ਆਈਜੀ ਲੈਵਲ ਦੇ ਅਧਿਕਾਰੀ ਫਰੈਂਸਿਕ ਟੀਮ ਦੇ ਨਾਲ ਘਟਨਾ ਸਥਾਨ ’ਤੇ ਪੁੱਜੇ ਜਿੱਥੇ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਬਾਰੀਕੀ ਦੇ ਨਾਲ ਮੁਆਇਨਾ ਕੀਤਾ ਜਾ ਰਿਹਾ ਹੈ।
ਐੱਸ ਐੱਚ ਓ ਨੂਰਪੁਰ ਬੇਦੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਕਲਮਾਂ ਪੁਲਿਸ ਚੌਂਕੀ ਦੇ ਨਜ਼ਦੀਕ ਕੋਈ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਚੌਕੀ ਕਲਮਾਂ ਦੀ ਇੱਕ ਪਾਸੇ ਦੀ ਦੀਵਾਰ ਨੂੰ ਕੁਝ ਨੁਕਸਾਨ ਪੁੱਜਿਆ। ਇਸ ਦੇ ਵਿੱਚ ਤੁਰੰਤ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਜਿੱਥੇ ਅਪਣੇ ਆਲਾ ਅਧਿਕਾਰੀਆਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਉੱਥੇ ਹੀ ਫੋਰੈਂਸਿਕ ਟੀਮ ਬੁਲਾ ਕੇ ਇਸ ਘਟਨਾ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਧਮਾਕਾ ਕਿਸ ਵਸਤੂ ਦੇ ਨਾਲ ਹੋਇਆ ਅਤੇ ਇਸ ਧਮਾਕੇ ਦੇ ਪਿੱਛੇ ਕਿਹੜੇ ਲੋਕ ਜ਼ਿੰਮੇਵਾਰ ਹਨ ਅਤੇ ਧਮਾਕਾ ਕਰਨ ਵਾਲਿਆਂ ਦੀ ਕੀ ਮਨਸ਼ਾ ਹੋ ਸਕਦੀ ਹੈ ਇੰਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰਾ ਕੁਝ ਅਜੇ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੀਆਂ ਵੱਖੋ ਵੱਖਰੀਆਂ ਟੀਮਾਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਪੂਰਨ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪੁੱਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਚੌਕੀ ਦੇ ਨਾਲ ਦੇ ਖੇਤਾਂ ਤੋਂ ਜਾਂਚ ਟੀਮ ਦੇ ਵੱਲੋਂ ਕੁਝ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਨਾਲ ਦੇ ਖੇਤਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਘਟਨਾ ਦੇ ਪਿੱਛੇ ਛੁਪੇ ਅਸਲੀ ਰਾਜ਼ ਤੋਂ ਪਰਦਾ ਚੁੱਕਿਆ ਜਾ ਸਕੇ।
ਇਹ ਵੀ ਪੜ੍ਹੋ: ਭਲਕੇ ਸਿੱਧੂ ਨੇ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਸੱਦੀ..ਜਾਣੋ ਕਦੋਂ ਹੋਵੇਗੀ ਮੀਟਿੰਗ