ਸ੍ਰੀ ਅਨੰਦਪੁਰ ਸਾਹਿਬ: ਜ਼ਹਿਰੀਲੀ ਸ਼ਰਾਬ ਮਾਮਲੇ ਉੱਤੇ ਅੱਜ ਪੂਰੇ ਪੰਜਾਬ ਵਿੱਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਭਾਜਪਾ ਪਾਰਟੀ ਵੱਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਭਾਜਪਾ ਆਗੂ ਵਰਕਰਾਂ ਨੇ ਭਾਰੀ ਆਮਦ ਵਿੱਚ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਭਾਜਪਾ ਹਲਕਾ ਇੰਚਾਰਜ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ, ਬਟਾਲਾ, ਤਰਨਤਾਰਨ ਵਿੱਚ ਜਿਹੜੀ ਤਰਾਸਦੀ ਹੋਈ ਹੈ ਉਹ ਕੈਪਟਨ ਸਰਕਾਰ ਦੀ ਨਕਾਮੀ ਕਰਕੇ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਐਕਸਾਈਜ਼ ਵਿਭਾਗ ਦੇ ਮੁੱਖੀ ਹਨ ਤੇ ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਸਨ ਉਹ ਸਰਕਾਰ ਦੀ ਨਿਗਰਾਨੀ ਹੇਠਾਂ ਹੀ ਚੱਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹੇ ਵੱਡੇ ਪੱਧਰ ਉੱਤੇ ਨਕਲੀ ਸ਼ਰਾਬ ਦਾ ਕੰਮ ਕਰਨਾ ਕਿਸੇ ਵੀ ਆਮ ਨਾਗਰਿਕ ਦੇ ਬੱਸ ਦੀ ਗੱਲ ਨਹੀਂ ਹੈ ਇਸ ਵਿੱਚ ਕਿਸੇ ਨਾ ਕਿਸੇ ਸਿਆਸਤਦਾਨੀ ਦਾ ਹੱਥ ਜ਼ਰੂਰ ਹੈ ਜਿਸ ਦੀ ਬਾਬਤ ਇਹ ਗੈਰ ਕਾਨੂੰਨੀ ਕੰਮ ਚੱਲ ਰਿਹਾ ਸੀ।
ਉਨ੍ਹਾਂ ਨੇ ਕੈਪਟਨ ਸਰਕਾਰ ਉੱਤੇ ਤੰਜ ਕਸਦੇ ਹੋਏ ਕਿਹਾ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖਤਮ ਕਰਨ ਦੀ ਗੱਲ ਆਖੀ ਸੀ ਪਰ ਜਿਸ ਤਰ੍ਹਾਂ ਪੰਜਾਬ ਵਿੱਚ ਸ਼ਰਾਬ ਵਿਕ ਰਹੀ ਹੈ ਉਸ ਤੋਂ ਇਵੇਂ ਲੱਗ ਰਿਹਾ ਹੈ ਕਿ ਕਾਂਗਰਸ ਦੇ ਆਪਣੇ ਲੀਡਰ ਹੀ ਇਸ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਨ।
ਰੂਪਨਗਰ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇ ਮੁੱਦੇ ਉੱਤੇ ਬੋਲਦੇ ਹੋਏ ਹਲਕਾ ਇੰਚਾਰਜ ਡਾ. ਪਰਮਿੰਦਰ ਸ਼ਰਮਾ ਨੇ ਸੂਬਾ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਨਾਜਾਇਜ਼ ਮਾਈਨਿੰਗ ਪੂਰੇ ਜ਼ਿਲ੍ਹੇ ਵਿੱਚ ਚੱਲ ਰਹੀ ਹੈ ਹੁਣ ਇਹ ਸਾਰਾ ਮਾਮਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਹੁਣ ਪੂਰਾ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਨਿਰਪੱਖ ਜਾਂਚ ਤੋਂ ਬਾਅਦ ਇਸ ਖੰਨਨ ਦੇ ਨਾਜਾਇਜ਼ ਕਾਰੋਬਾਰ ਵਿੱਚ ਲੱਗੇ ਹੋਏ ਲੋਕਾਂ ਨੂੰ ਸੀਬੀਆਈ ਵੱਲੋਂ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਮਾਮਲਾ: ਭਾਜਪਾ ਵਰਕਰਾਂ ਨੇ ਕੈਪਟਨ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ