ਅਨੰਦਰਪੁਰ ਸਾਹਿਬ: ਪਿਛਲੇ ਮਹੀਨੇ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਬਰਸਾਤ ਕਾਰਨ ਹੜ੍ਹਾਂ ਦੀ ਮਾਰ ਵੀ ਵਗੀ ਹੈ। ਉਥੇ ਹੀ ਪੰਜਾਬ ਅਤੇ ਹਿਮਾਚਲ ਵਿੱਚ ਇਸ ਦੀ ਵਾਧੂ ਮਾਰ ਵੇਖਣ ਨੂੰ ਮਿਲੀ। ਸੂਬੇ ਦੇ ਹੋਰ ਸ਼ਹਿਰਾਂ 'ਚ ਵੀ ਕਈ ਥਾਵਾਂ 'ਤੇ ਬਿਜਲੀ ਡਿੱਗਣ ਅਤੇ ਮੀਂਹ ਕਾਰਨ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ। ਉਥੇ ਹੀ ਬੀਤੇ ਦਿਨੀਂ ਰੂਪਨਗਰ ਦੇ ਇਲਾਕਿਆਂ ਵਿੱਚ ਹੋਈ ਭਾਰੀ ਬਰਸਾਤ ਦਾ ਅਸਰ ਇੱਕ ਵਾਰ ਫਿਰ ਤੋਂ ਸਥਾਨਕ ਲੋਕਾਂ ਉੱਤੇ ਹੋਇਆ ਹੈ। ਦਰਸਲ ਇਥੇ ਨੰਗਲ ਖ਼ੇਤਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਘਰ ਦੀ ਛੱਤ ਉੱਤੇ ਕਿੱਕਰ ਦਾ ਰੁੱਖ ਡਿੱਗ ਗਿਆ। ਜਿਸ ਨਾਲ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ ਹੈ। ਘਰ ਦੀ ਛੱਤ ਉੱਤੇ ਡਿੱਗੇ ਭਾਰੀ ਰੁੱਖ ਕਾਰਨ ਗ਼ਰੀਬ ਪਰਿਵਾਰ ਦੇ ਬਣਾਏ ਕੱਚੇ ਮਕਾਨ ਵਿੱਚ ਪਿਆ ਸਾਰਾ ਸਮਾਨ ਵੀ ਤਬਾਹ ਹੋ ਗਿਆ ਅਤੇ ਘਰ ਵਿੱਚ ਰੱਖੇ ਪਸ਼ੂ ਦੀ ਜਾਨ ਵੀ ਬੇਹੱਦ ਮੁਸ਼ਕਿਲ ਨਾਲ ਬਚੀ ਹੈ।
ਨੁਕਸਾਨ ਤੋਂ ਪਹਿਲਾਂ ਹੀ ਪ੍ਰਸ਼ਾਸ਼ਨ ਨੂੰ ਕੀਤਾ ਸੀ ਅਗਾਹ : ਇਹ ਘਟਨਾ ਨੰਗਲ ਤਹਿਸੀਲ 'ਚ ਪੈਂਦੇ ਪਿੰਡ ਅੱਜੌਲੀ ਦੀ ਹੈ, ਜਿਥੇ ਰਹਿਣ ਵਾਲੀ ਬਖ਼ਸ਼ੋ ਦੇਵੀ ਨੇ ਦੱਸਿਆ ਕਿ ਭਾਰੀ ਬਰਸਾਤ ਅਤੇ ਤੇਜ਼ ਹਵਾ ਦੇ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਦੇ ਉੱਪਰ ਲੱਗਿਆ ਇੱਕ ਕਿੱਕਰ ਦਾ ਭਾਰੀ ਰੁੱਖ ਉਹਨਾਂ ਦੇ ਮਕਾਨ ਉੱਪਰ ਡਿੱਗ ਗਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਜਦੋਂ ਇਹ ਭਾਰੀ ਕਿੱਕਰ ਦਾ ਰੁੱਖ ਉਨ੍ਹਾਂ ਦੀ ਛੱਤ ਉਪਰ ਡਿੱਗਿਆ ਤਾਂ ਉਹ ਘਰ ਦੇ ਅੰਦਰ ਕੰਮ ਕਰ ਰਹੇ ਸਨ, ਤੇਜ਼ ਆਵਾਜ਼ ਆਉਣ ਦੇ ਕਾਰਨ ਉਹ ਬਾਹਰ ਵੱਲ ਨੂੰ ਭੱਜੇ। ਜਿਸ ਕਾਰਨ ਉਨ੍ਹਾਂ ਦੀ ਜਾਨ ਤਾਂ ਬਚ ਗਈ, ਪਰ ਘਰ ਦੀਆਂ ਟਿਨਾਂ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਿਸ ਨੂੰ ਹੁਣ ਆਰਜੀ ਸਹਾਰੇ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸੰਬੰਧ ਵਿੱਚ ਮਹਿਕਮੇ ਨੂੰ ਪਹਿਲਾਂ ਕਈ ਵਾਰ ਕਿਹਾ ਜਾ ਚੁੱਕਾ ਸੀ ਕਿ ਇਸ ਭਾਰੀ ਕਿੱਕਰ ਦੇ ਦਰੱਖਤ ਕਾਰਨ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ, ਪਰ ਮਹਿਕਮੇ ਵੱਲੋਂ ਇਸ ਸੰਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੀੜਤ ਪਰਿਵਾਰ ਨੂੰ ਬਣਦੀ ਮਦਦ ਲਈ ਅਪੀਲ: ਉਥੇ ਹੀ ਮੌਕੇ 'ਤੇ ਮੌਜੂਦ ਬਲਾਕ ਅਫਸਰ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਪਹਿਲਾਂ ਕੋਈ ਵੀ ਜਾਣਕਾਰੀ ਨਹੀਂ ਮਿਲੀ ਸੀ। ਪਰ ਹੁਣ ਉਹਨਾਂ ਵੱਲੋਂ ਮੌਕਾ ਦੇਖ ਲਿਆ ਗਿਆ ਹੈ ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਬਣਦੀ ਮਦਦ ਲਈ ਸਰਕਾਰ ਤੋਂ ਅਪੀਲ ਕੀਤੀ ਜਾਵੇਗੀ ਤਾਂ ਜੋ ਗਰੀਬ ਪਰਿਵਾਰ ਨੂੰ ਕੁਝ ਸਹੂਲਤ ਹੋਵੇ ਤੇ ਰਹਿਣ ਵਿੱਚ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਇਹਨੀ ਦਿਨੀਂ ਪੰਜਾਬ ਅਤੇ ਹਿਮਾਚਲ 'ਚ ਭਾਰੀ ਮੀਂਹ ਕਰਕੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਦੇ ਖੇਤਰਾਂ ਵਿੱਚ ਰੋਜ਼ ਹੀ ਭਾਰੀ ਨੁਕਸਾਨ ਹੋ ਰਿਹਾ ਹੈ।