ਸ੍ਰੀ ਅਨੰਦਪੁਰ ਸਾਹਿਬ: ਦਲਿਤ ਆਗੂ ਤੇ ਬਹੁਜਨ ਸਮਾਜ ਪਾਰਟੀ ਦੇ ਸੰਥਾਪਕ ਬਾਬੂ ਕਾਸ਼ੀ ਰਾਮ ਦੀ ਬਰਸੀ ਉੱਤੇ ਰਾਸ਼ਟਰੀ ਭੀਮ ਆਰਮੀ ਦੇ ਸੰਸਥਾਪਕ ਤੇ ਅਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਰਾਵਣ ਸਵਰਗੀ ਕਾਸ਼ੀਰਾਮ ਦੇ ਜੱਦੀ ਘਰ ਪਹੁੰਚੇ। ਚੰਦਰ ਸ਼ੇਖਰ ਆਜ਼ਾਦ ਨੇ ਕਾਸ਼ੀਰਾਮ ਦੇ ਜੱਦੀ ਘਰ ਪਹੁੰਚਣ ਉੱਤੇ ਬਾਬੂ ਕਾਂਸ਼ੀਰਾਮ ਦੀ ਭੈਣ ਸ੍ਰੀਮਤੀ ਸਵਰਨ ਕੌਰ ਨਾਲ ਮੁਲਾਕਾਤ ਕੀਤੀ।
ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਜੀ ਦਾ ਸੁਪਨਾ ਸੀ ਕਿ ਦੱਬੇ ਕੁਚਲੇ ਦੀ ਮਦਦ ਲਈ ਬਹੁਜਨ ਸਮਾਜ ਦੇ ਹੱਥਾਂ ਵਿੱਚ ਸੱਤਾ ਆਏ ਅਤੇ ਸਦੀਆਂ ਤੋਂ ਇਨ੍ਹਾਂ ਲੋਕਾਂ ਉੱਤੇ ਹੋਏ ਅੱਤਿਆਚਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਦੇ ਗ੍ਰਹਿ ਨਿਵਾਸ ਉੱਤੇ ਪਹੁੰਚ ਕੇ ਉਨ੍ਹਾਂ ਦੀ ਭੈਣ ਜੀ ਦਾ ਅਸ਼ੀਰਵਾਦ ਲੈਣ ਪਹੁੰਚਿਆ ਹਾਂ।
ਉਨ੍ਹਾਂ ਨੇ ਯੂਪੀ ਦੇ ਹਾਥਰਸ ਦੀ ਘਟਨਾ ਕਿਹਾ ਕਿ ਅਗਰ ਕਿਸੇ ਨੇ ਯੂਪੀ ਦੇ ਹਾਲਾਤ ਤੋਂ ਜਾਣੂ ਹੋਣਾ ਹੈ ਤਾਂ ਉਹ ਹਿੰਦੀ ਫ਼ਿਲਮ ਆਰਟੀਕਲ 15 ਦੇਖਣ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਯੂਪੀ ਵਿੱਚ ਕਿੰਨਾ ਕ੍ਰਾਈਮ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ ਉੱਤੇ ਫੇਲ ਹੋ ਗਈ ਹੈ। ਅਤੇ ਇਹ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੀ ਹੈ।
ਉਨ੍ਹਾਂ ਕਿਹਾ ਯੋਗੀ ਸਰਕਾਰ ਬਹੁਜਨ ਸਮਾਜ ਦੇ ਲੋਕਾਂ ਲਈ ਬਹੁਤ ਹੀ ਘਾਤਕ ਹੈ। ਇਸ ਸ਼ਰਮਨਾਕ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਪੀੜਤਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭੀਮ ਆਰਮੀ ਉਸ ਪਰਿਵਾਰ ਦੇ ਨਾਲ ਹਰ ਸਮੇਂ ਖੜੀ ਹੈ ਅਤੇ ਇਕ ਪੀ.ਆਈ.ਐਲ ਮਾਣਯੋਗ ਸੁਪਰੀਮ ਕੋਰਟ ਵਿੱਚ ਵੀ ਦਾਇਰ ਕੀਤੀ ਹੈ ਅਤੇ ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਉੱਤੇ ਪੂਰਾ ਭਰੋਸਾ ਹੈ ਕਿ ਉਹ ਹਾਥਰਸ ਪੀੜਤਾਂ ਨਾਲ ਇਨਸਾਫ਼ ਕਰਨਗੇ।