ਰੂਪਨਗਰ: ਆੜ੍ਹਤੀ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਆਪਣੇ ਕੰਮ ਬੰਦ ਰੱਖ ਕੇ ਹੜਤਾਲ ਰੱਖੀ ਗਈ। ਇਸ ਸਬੰਧੀ ਰੂਪਨਗਰ ਅਨਾਜ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਿੱਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਧੱਕਾ ਕਰ ਰਹੀ ਹੈ, ਪਹਿਲਾ ਤਿੰਨ ਖੇਤੀ ਕਾਨੂੰਨ ਬਣਾਏ ਗਏ ਅਤੇ ਹੁਣ ਕਿਸਾਨਾਂ ਦੀ ਫ਼ਸਲਾਂ ਦਾ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤੇ 'ਚ ਕਰਨ ਦਾ ਐਫ਼.ਸੀ.ਆਈ ਖ਼ਰੀਦ ਏਜੰਸੀ ਵੱਲੋਂ ਪੱਤਰ ਜਾਰੀ ਕੀਤਾ ਗਿਆ, ਜੋ ਕਿ ਸਿੱਧੇ ਤੌਰ 'ਤੇ ਕਿਸਾਨ ਅਤੇ ਆੜ੍ਹਤੀ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਜੋਂ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਰੂਪਨਗਰ ਅਨਾਜ ਮੰਡੀ ਦੇ ਸਮੂਹ ਆੜ੍ਹਤੀਆਂ ਵੱਲੋਂ ਬੰਦ ਦਾ ਸਮਰਥਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਖਾਤਿਆਂ 'ਚ ਫ਼ਸਲ ਦਾ ਭੁਗਤਾਨ ਸਿੱਧਾ ਕਰ ਦਿੱਤਾ ਜਾਣ ਦਾ ਆਦੇਸ਼ ਲਾਗੂ ਹੋਵੇਗਾ ਤਾਂ ਕਿਸਾਨਾਂ ਨੂੰ ਇਸ ਨਾਲ ਵੱਡਾ ਨੁਕਸਾਨ ਹੋਵੇਗਾ ਅਤੇ ਆੜ੍ਹਤੀ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਪੰਜਾਹ ਤੋਂ ਸੱਠ ਫ਼ੀਸਦੀ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਅਤੇ ਆੜ੍ਹਤੀ ਵਰਗ ਹਰ ਮੁਸ਼ਕਿਲ 'ਚ ਕਿਸਾਨਾਂ ਦੇ ਨਾਲ ਖੜ੍ਹੇ ਰਹਿੰਦੇ ਹਨ ਅਤੇ ਫਸਲਾਂ ਦੇ ਭੁਗਤਾਨ ਦੀ ਰਾਸ਼ੀ ਆੜ੍ਹਤੀਆਂ ਨੂੰ ਮਿਲਣ ਤੋਂ ਬਾਅਦ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਜਿਸ ਨਾਲ ਕਿਸਾਨ ਵਰਗ ਖੁਸ਼ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਏ ਦਿਨ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ, ਸ਼ਾਮ 4 ਵਜੇ ਚੁੱਕਣਗੇ ਸਹੁੰ