ਸ੍ਰੀ ਅਨੰਦਪੁਰ ਸਾਹਿਬ: ਧੀਆਂ ਸਾਡੇ ਸਮਾਜ ਦੇ ਸਿਰ ਦਾ ਤਾਜ਼ ਹੁੰਦੀਆਂ ਹਨ। ਅੱਜ ਕੱਲ੍ਹ ਧੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਕਰਕੇ ਚੰਗੇ ਸਥਾਨ ਹਾਸਲ ਕੀਤੇ ਹਨ। ਪੰਜਾਬ ਦੀਆਂ ਧੀਆਂ ਨੇ ਹਮੇਸ਼ਾ ਹੀ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਵੀ ਚੰਗੀ ਪੜ੍ਹਾਈ ਅਤੇ ਮਿਹਨਤ ਕਰਕੇ ਪੁਲਿਸ, ਫੌਜ, ਡਾਕਟਰੀ ਅਤੇ ਅਧਿਆਪਨ ਸਮੇਤ ਸਾਹਿਤ ਦੇ ਖੇਤਰ ਵਿੱਚ ਨਾਮ ਖੱਟਿਆ ਹੈ। ਇਸੇ ਗੱਲ ਦੀ ਮਿਸਾਲ ਬਣੀ ਹੈ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਪਿੰਡ ਢਾਹਾਂ ਦੀ ਅਮਨਦੀਪ ਕੌਰ। ਅਮਨਦੀਪ ਕੌਰ ਨੇ ਭਾਰਤੀ ਫੌਜ ਵਿੱਚ ਬਤੌਰ ਕੈਟਪਨ ਬਣ ਕੇ ਇਲਾਕੇ ਹੀ ਨਹੀਂ ਸਗੋਂ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ। ਅਮਨਦੀਪ ਦੀ ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਜਾਣੋ ਅਮਨਦੀਪ ਦਾ ਕੈਪਟਨ ਬਣਨ ਤੱਕ ਦਾ ਸਫ਼ਰ
ਅਮਨਦੀਪ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਖ਼ਤਗੜ੍ਹ ਤੋਂ ਮੁਕੰਮਲ ਕੀਤੀ ਹੈ। ਇਸ ਮਗਰੋਂ ਅਮਨਦੀਪ ਕੌਰ ਨੇ ਆਪਣੀ 12ਵੀਂ ਦੀ ਪੜ੍ਹਾਈ ਮੈਡੀਕਲ ਵਿਸ਼ੇ ਨਾਲ ਗ਼ਰੀਬਦਾਸੀ ਕਾਲਜੀਏਟ ਸਕੂਲ ਟਿੱਬਾ ਤੋਂ ਕੀਤੀ। 12ਵੀਂ ਕਰਨ ਤੋਂ ਬਾਅਦ ਅਮਨਦੀਪ ਨੇ ਉੱਚ ਸਿੱਖਿਆ ਬੀਐੱਸੀ (ਨਰਸਿੰਗ) ਡੇਰਾ ਬੱਸੀ ਤੋਂ ਕੀਤੀ।
ਇਸ ਮਗਰੋਂ ਅਮਨਦੀਪ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪਹਿਲੇ ਦੀ ਯਤਨ ਵਿੱਚ ਭਾਰਤੀ ਫੌਜ ਦੀ ਮੈਡੀਕਲ ਸੇਵਾਵਾਂ ਲਈ ਹੋਈ ਪ੍ਰੀਖਿਆ ਨੂੰ ਪਾਸ ਕੀਤਾ ਤੇ ਬਤੌਰ ਲੈਫਟੀਨੈਂਟ ਭਰਤੀ ਹੋਈ। ਤਕਰੀਬਨ 2 ਸਾਲ ਦੇ ਅਰਸੇ ਮਗਰੋਂ ਹੁਣ ਅਗਸਤ ਮਹੀਨੇ ਵਿੱਚ ਅਮਨਦੀਪ ਨੂੰ ਕੈਪਟਨ ਵਜੋਂ ਤਰੱਕੀ ਮਿਲੀ ਹੈ।
ਬਚਪਨ ਤੋਂ ਹੀ ਸੀ ਕੈਪਟਨ ਬਣਨ ਦੀ ਤਮੰਨਾ
ਅਮਨਦੀਪ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫੌਜ ਵਿੱਚ ਕੈਪਟਨ ਬਣਨ ਦੀ ਤਮੰਨਾ ਸੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਵੀ ਫੌਜ ਵਿੱਚ ਕੈਪਟਨ ਸਨ ਅਤੇ ਉਨ੍ਹਾਂ ਨੂੰ ਵੇਖ ਕੇ ਹੀ ਉਸ ਨੇ ਦੇਸ਼ ਦੀ ਸੇਵਾ ਲਈ ਫੌਜ ਵਿੱਚ ਜਾਣ ਦਾ ਫੈਸਲਾ ਲਿਆ।
ਮਾਪਿਆਂ ਨੇ ਵਧਾਇਆ ਹੌਸਲਾ
ਅਮਨਦੀਪ ਨੇ ਕੈਪਟਨ ਬਣਨ ਤੱਕ ਦੇ ਸਫਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਦੇ ਮਾਪਿਆਂ ਦਾ ਇਸ ਕਾਮਯਾਬੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀਆਂ ਚੁਣੌਤੀਆਂ ਦੇ ਬਾਵਜੂਦ ਵੀ ਮੇਰੇ ਮਾਪਿਆਂ ਨੇ ਮੈਨੂੰ ਪੜ੍ਹਾਇਆ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਮਾਪਿਆਂ ਨੇ ਕਦੀ ਵੀ ਕੁੜੀ ਹੋਣ ਦਾ ਅਹਿਸਾਸ ਨਹੀਂ ਕਰਵਾਇਆ।
ਮਾਪਿਆਂ ਨੂੰ ਹੈ ਧੀ 'ਤੇ ਮਾਣ
ਆਪਣੀ ਧੀ ਦੀ ਕਾਮਯਾਬੀ ਬਾਰੇ ਗੱਲ ਕਰਦਿਆਂ ਅਮਨਦੀਪ ਦੇ ਪਿਤਾ ਤੇ ਸੇਵਾ ਮੁਕਤ ਕੈਪਟਨ ਪਾਖਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਨਦੀਪ ਪੜ੍ਹਾਈ ਕਰ ਰਹੀ ਸੀ ਤਾਂ ਸਮਾਜ ਵਿੱਚੋਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਲੜਕੀ ਨੂੰ ਨਾ ਪੜ੍ਹਾਉਣ ਲਈ ਕਿਹਾ ਪਰ ਮੈਂ ਇਸ ਦੀ ਕਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਅੱਜ ਸਾਡੀ ਧੀ ਨੇ ਸਾਡਾ ਸਿਰ ਸਮਾਜ ਵਿੱਚ ਬਹੁਤ ਉੱਚਾ ਕੀਤਾ ਹੈ।
ਇਸੇ ਤਰ੍ਹਾਂ ਹੀ ਅਮਨਦੀਪ ਦੇ ਸਹੁਰੇ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਨੂੰਹ ਦੀ ਕਾਮਯਾਬੀ 'ਤੇ ਫਕਰ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਨੂੰ ਉਨ੍ਹਾਂ ਨੇ ਹਮੇਸ਼ਾ ਆਪਣੀ ਧੀ ਹੀ ਸਮਝਿਆ ਹੈ ਅਤੇ ਅਮਨਦੀਪ ਨੇ ਵੀ ਉਨ੍ਹਾਂ ਦਾ ਮਾਣ ਵਧਾਇਆ ਹੈ।