ਰੂਪਨਗਰ : ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਅੱਜ ਡੀਆਈਜੀ ਜੇਲ੍ਹ ਹੈੱਡਕੁਆਟਰ ਚੰਡੀਗੜ੍ਹ ਸੁਰਿੰਦਰ ਸਿੰਘ ਸੈਣੀ ਅਤੇ ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਦੀ ਅਗਵਾਈ ਅਧੀਨ ਆਪ੍ਰੇਸ਼ਨ ਸਤਰਕ ਤਹਿਤ ਰੂਪਨਗਰ ਜੇਲ੍ਹ ਦਾ ਦੌਰਾ ਕਰਦਿਆਂ ਵੱਖ-ਵੱਖ ਥਾਵਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ।
ਸੂਬੇ ਦੀਆਂ 25 ਜੇਲ੍ਹਾਂ ਵਿੱਚ ਚਲਾਇਆ ਗਿਆ ਸਰਚ ਅਭਿਆਨ : ਇਸ ਮੌਕੇ ਗੱਲਬਾਤ ਕਰਦਿਆਂ ਸੁਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸੂਬੇ ਦੇ ਸਾਰੀਆਂ ਪੰਜਾਬ ਭਰ ਦੀਆਂ 25 ਜੇਲ੍ਹਾਂ ਵਿੱਚ ਇਹ ਸਰਚ ਅਭਿਆਨ ਪੰਜਾਬ ਪੁਲੀਸ ਅਤੇ ਜੇਲ੍ਹ ਵਿਭਾਗ ਦੀ ਮੱਦਦ ਨਾਲ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਰਚ ਅਭਿਆਨ ਦੌਰਾਨ ਜੇਲ੍ਹ ਵਿੱਚ ਸਾਰੀਆਂ ਬੈਰਕਾਂ ਤੇ ਹੋਰ ਥਾਵਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਸ਼ਾ ਪਦਾਰਥ ਫੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਲਾਸ਼ੀ ਦੌਰਾਨ ਰੂਪਨਗਰ ਜੇਲ੍ਹ ਮੁਕੰਮਲ ਤੌਰ ਉਤੇ ਠੀਕ ਪਾਈ ਗਈ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਵਸਤੂ ਨਹੀਂ ਫੜੀ ਗਈ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਤਲਾਸ਼ੀ ਅਭਿਆਨ ਚਲਦੇ ਰਹਿਣਗੇ।
ਜੇਲ੍ਹਾਂ ਲਈ ਪੁਲਿਸ ਦੀ ਬਣਾਈ ਜਾਵੇਗੀ ਵੱਖਰੀ ਟੀਮ : ਇਸ ਮੌਕੇ ਗੱਲ ਕਰਦਿਆਂ ਐਸਐਸਪੀ ਨੇ ਕਿਹਾ ਕਿ ਅੱਜ ਸਤੱਰਕ ਅਭਿਆਨ ਤਹਿਤ ਵੱਡੇ ਪੱਧਰ ਉਤੇ ਪੁਲਿਸ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਦੀ ਤਲਾਸ਼ੀ ਲਈ ਗਈ ਹੈ। ਜੇਲ੍ਹਾਂ ਲਈ ਪੰਜਾਬ ਪੁਲਿਸ ਦੀ ਵੱਖਰੀ ਟੀਮ ਵੀ ਬਣਾਈ ਜਾ ਰਹੀ ਹੈ ਜੋ ਕੇਵਲ ਜੇਲ੍ਹਾਂ ਦੇ ਮਾਮਲਿਆਂ ਦੀ ਹੀ ਤਫਤੀਸ਼ ਕਰੇਗੀ ਜੋ ਪੜਤਾਲ ਮੁਕੰਮਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਯਕੀਨੀ ਕਰੇਗੀ।
ਜੇਲ੍ਹ ਦੀ ਸੁਰੱਖਿਆ ਉਤੇ ਸਵਾਲ : ਭਾਵੇਂ ਅੱਜ ਸੂਬੇ ਭਰ ਦੇ ਵਿੱਚ ਜੇਲ੍ਹਾਂ ਦੀ ਚੈਕਿੰਗ ਕੀਤੀ ਗਈ ਹੈ ਲੇਕਿਨ ਇੱਕ ਦਿਨ ਦੀ ਚੈਕਿੰਗ ਦੇ ਨਾਲ ਲਗਾਤਾਰ ਜੇਲ੍ਹਾਂ ਦੀ ਸੁਰੱਖਿਆ ਅਤੇ ਜੇਲ੍ਹਾਂ ਦੇ ਅੰਦਰੋਂ ਮੋਬਾਇਲ ਫੋਨ ਮਿਲਣ ਦਾ ਜੋ ਸਿਲਸਿਲਾ ਜਾਰੀ ਹੈ ਉਹ ਇਸ ਇਕ ਦਿਨ ਦੀ ਚੈਕਿੰਗ ਨੂੰ ਕੋਈ ਬਹੁਤਾ ਵੱਡਾ ਸਖਤ ਕਦਮ ਦੇ ਤੌਰ ਤੇ ਨਹੀਂ ਦੇਖਿਆ ਜਾ ਸਕਦਾ। ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨ ਮਿਲਣ ਤੋਂ ਭਾਵ ਹੈ ਕਿ ਜੇਲ ਦੀ ਸੁਰੱਖਿਆ ਦੇ ਵਿੱਚ ਕਿਤੇ ਨਾ ਕਿਤੇ ਚੂਕ ਹੁੰਦੀ ਹੈ। ਜਿਸ ਕਾਰਨ ਮੋਬਾਇਲ ਫੋਨ ਜੇਲ੍ਹ ਦੇ ਅੰਦਰ ਪਹੁੰਚਦੇ ਹਨ ਅਤੇ ਜੇਲ੍ਹ ਦੇ ਅੰਦਰੋਂ ਸਜਾ ਆਪਦਾ ਕੈਦੀ ਬਾਹਰੀ ਦੁਨੀਆ ਦੇ ਨਾਲ ਸੰਪਰਕ ਵਿੱਚ ਕਾਇਮ ਰਹਿੰਦੇ ਨੇ।