ਰੂਪਨਗਰ : ਜ਼ਿਲ੍ਹੇ ਤੋਂ ਕੋਰੋਨਾ ਵਾਇਰਸ ਨਾਲ ਜੁੜੀ ਇੱਕ ਰਾਹਤ ਵਾਲੀ ਖ਼ਬਰ ਹੈ। ਇਥੇ ਅੱਠ ਮਰੀਜ਼ਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਹਾਸਲ ਕਰ ਲਈ ਹੈ। ਹੁਣ ਜ਼ਿਲ੍ਹੇ 'ਚ ਮਹਿਜ ਕੋਰੋਨਾ ਪੌਜ਼ੀਟਿਵ ਦੇ ਦੋ ਮਰੀਜ਼ ਬਾਕੀ ਹਨ।
ਰੂਪਨਗਰ ਦੇ ਪਿੰਡ ਮਨਸੂਹਾ ਕਲਾਂ ਦੇ ਅੱਠ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਇਲਾਜ ਤੋਂ ਬਾਅਦ ਮੁੜ ਟੈਸਟ ਕਰਵਾਉਣ 'ਤੇ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਰਿਪੋਰਟ ਨੈਗਟਿਵ ਆਉਣ ਮਗਰੋਂ ਇਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਸਾਰੇ ਮਰੀਜ਼ ਇੱਕੋ ਪਿੰਡ ਦੇ ਵਸਨੀਕ ਹਨ ਅਤੇ ਇਨ੍ਹਾਂ ਚੋਂ ਸੱਤ ਮਰੀਜ਼ ਇੱਕੋ ਪਰਿਵਾਰ ਦੇ ਹਨ। ਸਿਹਤਯਾਬ ਹੋਏ ਇਨ੍ਹਾਂ ਮਰੀਜ਼ਾਂ 'ਚ ਇੱਕ ਹੈਲਥ ਵਰਕਰ ਸ਼ਾਮਲ ਸੀ। ਸਿਹਤ ਵਿਭਾਗ ਵੱਲੋਂ ਠੀਕ ਹੋਏ ਮਰੀਜ਼ਾਂ ਨੂੰ ਕੁੱਝ ਦਿਨਾਂ ਲਈ ਘਰ ਵਿੱਚ ਵੀ ਇਕਾਂਤਵਾਸ 'ਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਰੂਪਨਗਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਇੱਕ ਮੌਤ ਹੋਈ ਹੈ ਜਦਕਿ ਇਨ੍ਹਾਂ ਚੋਂ 69 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਜ਼ਿਲ੍ਹੇ 'ਚ ਹੁਣ ਮਹਿਜ ਦੋ ਹੀ ਕੋਰੋਨਾ ਪੌਜ਼ੀਟਿਵ ਮਰੀਜ਼ ਹਨ। ਇਨ੍ਹਾਂ ਚੋਂ ਇੱਕ ਵਿਅਕਤੀ ਬੀਤੇ ਦਿਨੀਂ ਆਗਰਾ ਤੋਂ ਰੂਪਨਗਰ ਪਰਤਿਆ ਸੀ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਲੋਕਾਂ ਨੂੰ ਬਿਨ੍ਹਾਂ ਵਜ੍ਹਾ ਘਰੋਂ ਬਾਹਰ ਨਾ ਜਾਣ ਤੇ ਪ੍ਰਸ਼ਾਸਨ ਵੱਲੋਂ ਜਾਰੀ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।