ਸ੍ਰੀ ਅਨੰਦਪੁਰ ਸਾਹਿਬ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਮੁੱਚੇ ਦੇਸ਼ ਵਿੱਚ ਆਰਥਿਕ ਮੰਦੀ ਛਾਈ ਹੋਈ ਹੈ। ਇਸ ਦੇ ਚਲਦਿਆਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੀ ਪ੍ਰਬੰਧਕ ਕਮੇਟੀ ਅਤੇ ਉੱਥੋਂ ਦੀ ਸੰਗਤ ਨੇ ਧੂਫੀਏ ਸਿੰਘਾਂ ਦੀ ਆਰਥਿਕ ਮਦਦ ਲਈ 4 ਲੱਖ 80 ਹਜ਼ਾਰ ਦੀ ਰਾਸ਼ੀ ਦਿੱਤੀ ਹੈ ਜਿਸ ਦੀ ਜਾਣਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਦਿੱਤੀ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸਮੁੱਚੇ ਸੰਸਾਰ ਨੂੰ ਆਰਥਿਕ ਮੰਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਹਰੇਕ ਖੇਤਰ ਵਿੱਚ ਆਰਥਿਕ ਮੰਦੀ ਛਾਈ ਹੋਈ ਹੈ। ਇਸ ਦੇ ਚਲਦਿਆਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੀ ਪ੍ਰਬੰਧਕ ਕਮੇਟੀ ਅਤੇ ਉੱਥੋਂ ਦੀ ਸੰਗਤ ਨੇ ਇੱਕ-ਇੱਕ ਧੂਫੀਏ ਸਿੰਘਾਂ ਦੀ ਆਰਥਿਕ ਮਦਦ ਲਈ 4 ਲੱਖ 80 ਹਜ਼ਾਰ ਦੀ ਰਾਸ਼ੀ ਭੇਜੀ ਹੈ। ਇਹ ਧੂਫੀਏ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਬੋਰ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸੇਵਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧੂਫੀਏ ਸਿੰਘਾਂ ਦੀ ਗਿਣਤੀ 48 ਦੇ ਕਰੀਬ ਹੈ।
ਉਨ੍ਹਾਂ ਕਿਹਾ ਕਿ ਜਿਹੜੀ ਰਾਸ਼ੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੀ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਹੈ ਉਸ ਰਕਮ ਨੂੰ 48 ਧੂਫੀਏ ਸਿੰਘਾਂ ਵਿੱਚ ਤਕਸੀਮ ਕਰਕੇ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਤਖ਼ਤ ਸਾਹਿਬ ਕੇਸ ਗੜ੍ਹ ਦੇ ਮੀਟਿੰਗ ਹਾਲ ਵਿੱਚ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਫੂਲਾ ਸਿੰਘ ਹੈੱਡ ਗ੍ਰੰਥੀ, ਗੁਰਦੀਪ ਸਿੰਘ ਮੈਨੇਜਰ ਅਤੇ ਜੋਗਾ ਸਿੰਘ ਅਡੀਸ਼ਨਲ ਮੈਨੇਜਰ ਦੀ ਹਾਜ਼ਰੀ ਵਿੱਚ ਦੇ ਦਿੱਤੇ ਹਨ।