ਰੂਪਨਗਰ: ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੋਮਵਾਰ ਨੂੰ ਰੂਪਨਗਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਪਿੰਡ ਫੂਲ ਪਹੁੰਚੇ ਸੁੰਦਰ ਸ਼ਾਮ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਿੰਡ ਵਾਸੀਆਂ ਨਾਲ ਖੜੀ ਹੈ।
ਸੁੰਦਰ ਸ਼ਾਮ ਨੇ ਕਿਹਾ ਕਿ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆਂ ਕਰਵਾ ਦਿਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ ਦੇ ਪ੍ਰਭਾਵਿਤ ਪਿੰਡਾਂ ਨੂੰ ਫੌਰੀ ਤੌਰ 'ਤੇ ਸਹਾਇਤਾ ਰਾਸ਼ੀ ਦੇਣ ਲਈ ਇੱਕ ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 43 ਲੱਖ ਰੁਪਏ ਤੋਂ ਵੱਧ ਰਾਸ਼ੀ ਪ੍ਰਭਾਵਿਤ ਪੀੜਤਾਂ ਨੂੰ ਮੁਹਈਆ ਕਰਵਾ ਦਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਸਕਰਾਰ ਦੇ ਨਾਲ ਜਿੱਥੇ ਸਮਾਜ ਸੇਵੀ ਸੰਸਥਾਵਾਂ ਨੇ ਅਹਿਮ ਯੋਗਦਾਨ ਦਿਤਾ ਹੈ। ਉੱਥੇ ਹੀ ਸੋਨਾਲਿਕਾ ਟਰੈਕਟਰ ਲਿਮਟਿਡ ਨੇ ਵੀ 8 ਪਿੰਡਾਂ ਛੋਟਾ ਫੂਲ, ਬੜਾ ਫੂਲ, ਗੁਰਦਾਸਪੁਰਾ, ਖੈਰਾਬਾਦ, ਰਣਜੀਤਪੁਰਾ ਅਤੇ ਨੂਰਪੁਰਬੇਦੀ ਬਲਾਕ ਦੇ ਬਟਾਰਲਾ, ਖਡ ਬਠਲੋਰ ਤੇ ਰਾਜਗਿਰੀ ਨੂੰ ਅਪਨਾ ਲਿਆ ਹੈ। ਸੋਨਾਲਿਕਾ ਗਰੁੱਪ ਵੱਲੋਂ ਇੰਨ੍ਹਾਂ ਪਿੰਡਾਂ ਵਿੱਚ ਹੜ੍ਹਾਂ ਨਾਲ ਜ਼ੋ ਵੀ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਦੇ ਲਈ ਵਿਸ਼ੇਸ਼ ਤੌਰ 'ਤੇ ਮੁਹਿੰਮ ਚਲਾ ਕੇ ਕੰਮ ਕਰਵਾਏ ਜਾਣਗੇ।