ਪਟਿਆਲਾ: ਘਨੌਰ ਵਿਖੇ ਇੱਕ ਵਿਅਕਤੀ ਵੱਲੋਂ ਪਹਿਲੀ ਪਤਨੀ ਨੂੰ ਧੋਖੇ ਵਿੱਚ ਰੱਖ ਕੇ ਦੂਜਾ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੀ ਪਤਨੀ ਨੇ ਵਿਆਹ ਵਿੱਚ ਪਹੁੰਚ ਕੇ ਲਾੜੇ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਸ ਤੋਂ ਬਾਅਦ ਘਨੌਰ ਪੁਲਿਸ ਨੇ ਲਾੜੇ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਹੈ।
ਲਾੜੇ ਦੀ ਪਹਿਲੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਜਬਰਜੰਗ ਸਿੰਘ ਨਾਂਅ ਦੇ ਵਿਅਕਤੀ ਨਾਲ ਜਨਵਰੀ 2020 ਵਿੱਚ ਵਿਆਹ ਹੋਇਆ ਸੀ। ਮਨਜੀਤ ਕੌਰ ਨੇ ਲਾੜੇ ਤੇ ਉਸ ਦੇ ਪਰਿਵਾਰ 'ਤੇ ਦੇਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਸ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ। ਇਸ ਦੇ ਨਾਲ ਹੀ ਮਨਜੀਤ ਨੇ ਦੱਸਿਆ ਕਿ ਵਿਆਹ ਵੇਲੇ ਉਨ੍ਹਾਂ ਦੇ ਘਰਦਿਆਂ ਨੇ 6 ਲੱਖ ਰੁਪਏ ਦਾਜ ਵਿੱਚ ਦਿੱਤੇ ਸਨ ਪਰ ਫੇਰ ਵੀ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਲੁਧਿਆਣਾ ਦੀ ਸਖ਼ਤ ਕਾਰਵਾਈ, ਲੋਕਾਂ ਨੇ ਕੀਤਾ ਵਿਰੋਧ
ਆਪਣੇ ਪਤੀ ਜਬਰਜੰਗ ਸਿੰਘ 'ਤੇ ਦੋਸ਼ ਲਾਉਂਦਿਆਂ ਮਨਜੀਤ ਕੌਰ ਨੇ ਕਿਹਾ ਕਿ ਉਹ ਉਸ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ ਅਤੇ ਇਹ ਕਹਿੰਦੇ ਸਨ ਕਿ ਉਸ ਨੇ ਵਿਆਹ ਸਿਰਫ਼ ਪੈਸੇ ਲਈ ਕਰਵਾਇਆ ਸੀ।
ਇਸ ਸਬੰਧੀ ਥਾਣਾ ਘਨੌਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਨ੍ਹਾਂ ਤਲਾਕ ਦੂਜਾ ਵਿਆਰ ਕਰਵਾਉਣ ਦੇ ਦੋਸ਼ ਵਿੱਚ ਉਨ੍ਹਾਂ ਨੇ ਜਬਰਜੰਗ ਸਿੰਘ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਨੇ ਲਾੜੇ ਖ਼ਿਲਾਫ਼ ਧਾਰਾ 494, 495, 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।