ਪਟਿਆਲਾ: ਇਨ੍ਹੀ ਦਿਨੀ ਵੱਖਵਾਦੀ ਸਮੂਹ ਸਿੱਖ ਫ਼ਾਰ ਜਸਟਿਸ (ਐਸਐਫਜੇ) ਦੇ ਰੈਫ਼ਰੰਡਮ 2020 ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੇਖਣ 'ਤੇ ਇਹ ਵੀਡੀਓ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਲੱਗਦੀ ਹੈ, ਜਿਸ ਦੇ ਬਾਹਰ ਮੱਥੇ 'ਤੇ ਵੱਖਵਾਦੀ ਸਮੂਹ ਦੇ ਰੈਫ਼ਰੈੈਂਡਮ 2020 ਦਾ ਪੋਸਟਰ ਲੱਗਿਆ ਹੋਇਆ ਹੈ।
ਦੱਸ ਦਈਏ, ਇਸਤੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਅਤੇ ਚੰਡੀਗੜ੍ਹ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਥੇ ਪੋਸਟਰ ਲੱਗੇ ਵਿਖਾਈ ਦਿੱਤੇ ਹਨ। ਇਨ੍ਹਾਂ ਘਟਨਾਵਾਂ ਵਿੱਚ ਪੁਲਿਸ ਨੇ ਕੁੱਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਇਸ ਵੀਡੀਓ ਦੀ ਸੱਚਾਈ ਜਾਨਣ ਲਈ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਜਾ ਕੇ ਵੇਖਿਆ ਗਿਆ ਤਾਂ ਉਥੇ ਅਜਿਹਾ ਕੁੱਝ ਵੀ ਵਿਵਾਦਤ ਵਿਖਾਈ ਨਹੀਂ ਦਿੱਤਾ। ਗੁਰਦੁਆਰਾ ਸਾਹਿਬ ਦੇ ਮੱਥੇ ਉਪਰ ਨਾ ਹੀ ਕੋਈ ਪੋਸਟਰ ਲੱਗਿਆ ਹੋਇਆ ਸੀ ਤੇ ਨਾ ਹੀ ਕੋਈ ਲਿਖਤ ਵਗੈਰਾ ਸੀ।
ਉਧਰ, ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਸਬੰਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ।