ਨਾਭਾ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਆੜ੍ਹਤੀ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਸਰਕਾਰ ’ਤੇ ਵਾਰ ਕਰਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀ ਫ਼ਸਲ ਸਮੇਂ ਕਿਸਾਨਾਂ ਨੂੰ ਸਿੱਧੀ ਪੇਮੈਂਟ ਪਾਉਣ ਦਾ ਫ਼ੈਸਲਾ ਕੀਤਾ ਇਹ ਬਿਲਕੁਲ ਗਲਤ ਹੈ। ਕੇਂਦਰ ਸਰਕਾਰ ਕਿਸਾਨਾਂ ਅਤੇ ਆੜਤੀਆਂ ਨੂੰ ਲੜਾਉਣਾ ਚਾਹੁੰਦੀ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ਦਿੱਤੇ ਬਿਆਨ ਭੀੜ ਇਕੱਠੀ ਕਰਨ ਨਾਲ ਕੋਈ ਵੀ ਕਾਨੂੰਨ ਰੱਦ ਨਹੀਂ ਹੋਵੇਗਾ, ਤੋਮਰ ਦੇ ਬਿਆਨ ’ਤੇ ਧਰਮਸੋਤ ਨੇ ਕਿਹਾ ਕਿ ਹੰਕਾਰ ਤਾਂ ਰਾਵਣ ਦਾ ਵੀ ਨਹੀਂ ਰਿਹਾ ਸੀ ਤੁਸੀਂ ਕਿਹੜੇ ਬਾਗ਼ ਦੀ ਮੂਲੀ ਹੋ, ਇਸ ਭੀੜ ਨੇ ਹੀ ਤੁਹਾਨੂੰ ਕੁਰਸੀਆਂ ’ਤੇ ਬਿਠਾਇਆ ਹੈ ਅਤੇ ਇਹੀ ਭੀੜ ਤੁਹਾਨੂੰ ਕੁਰਸੀ ਤੋਂ ਲਾਹ ਕੇ ਸੁੱਟ ਦੇਵੇਗੀ।
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਸਫਾਈ ਦਿੰਦੇ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਉਹਨਾਂ ਨੇ ਤੇਲ ਦੀਆਂ ਕੀਮਤਾਂ ’ਤੇ ਬੋਲਦੇ ਕਿਹਾ ਕਿ ਮੋਦੀ ਸਰਕਾਰ ਗਰੀਬਾਂ ਨੂੰ ਮਾਰ ਰਹੀ ਹੈ।
ਇਸ ਮੌਕੇ ਨਾਭਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਗੁਪਤਾ ਨੇ ਸਰਕਾਰ ਦੇ ਖ਼ਿਲਾਫ਼ ਤੰਜ ਕੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਸੁੱਤੀ ਪਈ ਹੈ ਕਿਉਂਕਿ ਅਜੇ ਤਕ ਸ਼ੈੱਲਰ ਮਾਲਕਾਂ ਨੂੰ ਸਰਕਾਰ ਦੇ ਵੱਲੋਂ ਬਾਰਦਾਨਾ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਸ਼ੈਲਰ ਇੰਡਸਟਰੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ।