ਪਟਿਆਲਾ: ਸਮਾਜ 'ਚ ਮਹਿਲਾਵਾਂ ਨਾਲ ਹੋ ਰਹੇ ਅਪਰਾਧਾਂ 'ਚ ਲਗਾਤਾਰ ਵਾਧਾ ਹੋਣ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਬਾਲ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਹੈਦਰਾਬਾਦ 'ਚ ਵੈਟਨਰੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਮਾਮਲੇ ਦੀ ਖ਼ਬਰ ਸਾਹਮਣੇ ਆਉਣ ਨਾਲ ਇੱਕ ਵਾਰ ਫੇਰ ਤੋਂ ਸਮਾਜ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਪਟਿਆਲਾ ਤੋਂ ਸ਼ੁਰੂ ਹੋ ਪੂਰੇ ਪੰਜਾਬ 'ਚ ਹੈਲਪਲਾਈਨ ਨੰਬਰ ਜਾਰੀ ਕੀਤੇ ਜਾ ਰਹੇ ਹਨ। ਸ਼ਿਵ ਸੈਨਾ ਨੇ ਆਗੂ ਸੀਮਾ ਵੈਦਿਆ ਨੇ ਜਿੱਥੇ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜ੍ਹੇ ਕੀਤੇ ਹਨ ਉੱਥੇ ਹੀ ਮੋਦੀ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਚ ਲਿਆ ਹੈ। ਸੀਮਾ ਵੈਦਿਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਹਾਲਾਤ ਕੁੱਝ ਹੋਰ ਹੀ ਹਨ। ਉਨ੍ਹਾਂ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆ ਕਿਹਾ ਕਿ ਮੋਦੀ ਵਧੇਰੇ ਵਿਦੇਸ਼ੀ ਦੌਰਿਆਂ 'ਤੇ ਰਹਿੰਦੇ ਹਨ ਪਰ ਉਨ੍ਹਾਂ ਦੇ ਆਪਣੇ ਦੇਸ਼ ਭਾਰਤ ਦੇ ਹਾਲਾਤ ਸਹੀ ਨਹੀਂ ਹਨ। ਸੀਮਾ ਵੈਦਿਆ ਅਤੇ ਉਨ੍ਹਾਂ ਦੇ ਨਾਲ ਮਹਿਲਾਵਾਂ ਦੀ ਟੀਮ ਨੇ ਹੱਥ 'ਚ ਤਲਵਾਰ ਫੜ ਨਾਅਰੇ ਲਾਉਂਦਿਆਂ ਇਹ ਐਲਾਨ ਕੀਤਾ ਕਿ ਮਹਿਲਾਵਾਂ ਹੁਣ ਆਪਣੀ ਸੁਰੱਖਿਆ ਆਪ ਕਰਣਗੀਆਂ।
ਇਹ ਵੀ ਪੜ੍ਹੋ- ਚੰਡੀਗੜ੍ਹ: ਭੁੱਖ ਹੜਤਾਲ 'ਤੇ ਬੈਠੇ ਪੈਰਾਲੰਪਿਕ ਖਿਡਾਰੀ
ਜ਼ਿਕਰ-ਏ-ਖ਼ਾਸ ਹੈ ਕਿ ਭਾਰਤ 'ਚ ਮਹਿਲਾਵਾਂ ਨਾਲ ਘਰੇਲੂ ਹਿੰਸਾ ਅਤੇ ਜਬਰ ਜਨਾਹ ਦੇ ਅਪਰਾਧਾਂ 'ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿਨ੍ਹਾਂ ਨੂੰ ਨੱਥ ਪਾਉਣ ਲਈ ਭਾਰਤ 'ਚ ਚੰਗੇ ਕਾਨੂੰਨ ਦੀ ਘਾਟ ਹੈ, ਅਤੇ ਸ਼ਿਵ ਸੈਨਾ ਵੱਲੋਂ ਜਾਰੀ ਕੀਤੇ ਜਾ ਰਹੇ ਹੈਲਪਲਾਈਨ ਨੰਬਰ ਇੱਕ ਸ਼ਲਾਘਾਯੋਗ ਕਦਮ ਹੈ।