ਨਾਭਾ: 64 ਕਰੋੜ ਸਕਾਲਰਸ਼ਿਪ ਘਪਲੇ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ 5 'ਆਪ' ਆਗੂਆਂ ਨੂੰ ਜ਼ਬਰਦਸਤੀ ਪੁਲਿਸ ਵੱਲੋਂ ਚੁੱਕ ਕੇ ਉਨ੍ਹਾਂ ਨੂੰ ਕੋਤਵਾਲੀ ਨਾਭਾ ਵਿਖੇ ਨਜ਼ਰਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਆਪ ਆਗੂਆਂ ਨੂੰ ਨਾਭਾ ਕੋਤਵਾਲੀ ਦਾ ਘਿਰਾਓ ਕਰਕੇ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਕਢਵਾਇਆ।
ਆਗੂਆਂ ਨੂੰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਕਢਵਾਉਣ ਤੋਂ ਬਾਅਦ ਵਿਧਾਇਕ ਪ੍ਰੋਫ਼ੈਸਰ ਬਲਜਿੰਦਰ ਕੌਰ ਪਾਰਟੀ ਦੇ ਆਗੂਆਂ ਸਣੇ ਸਾਰੀ ਰਾਤ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਬਿਨਾਂ ਲਾਈਟ ਤੇ ਪੱਖਿਆਂ ਤੋਂ ਧਰਨੇ 'ਤੇ ਬੈਠੇ। ਧਰਨੇ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਵਿਧਾਇਕ ਪ੍ਰੋਫ਼ੈਸਰ ਬਲਜਿੰਦਰ ਕੌਰ ਨੇ ਮੰਗ ਕੀਤੀ ਕਿ ਉਹ ਉਦੋਂ ਤੱਕ ਧਰਨਾ ਜਾਰੀ ਰੱਖਣਗੇ, ਜਦੋਂ ਤੱਕ ਧਰਮਸੋਤ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੂੰ ਧਰਮਸੋਤ ਨੂੰ ਸਲਾਖਾ ਦੇ ਪਿੱਛੇ ਪਹੁੰਚਾਉਣਾ ਚਾਹੀਦਾ ਸੀ ਪਰ ਇਸ ਤੋਂ ਉਲਟ ਜਾ ਕੇ ਆਪ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾ 'ਆਪ' ਦੇ ਪੰਜਾਬ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰ ਨੇ ਕਿਹਾ ਕਿ ਪੁਲਸ ਜਿੰਨੇ ਵੀ ਸਾਡੇ ਆਗੂਆਂ 'ਤੇ ਪਰਚੇ ਦਰਜ ਕਰ ਲਵੇ ਪਰ ਆਮ ਆਦਮੀ ਪਾਰਟੀ ਪਿੱਛੇ ਨਹੀਂ ਹਟੇਗੀ ਤੇ ਧਰਮਸੋਤ ਨੂੰ ਬਰਖ਼ਾਸਤ ਕਰਵਾ ਕੇ ਤੇ ਬੱਚਿਆਂ ਦੇ ਵਜ਼ੀਫ਼ੇ ਦਿਵਾ ਕੇ ਹੀ ਪਿੱਛੇ ਹਟੇਗੀ।
ਤੁਹਾਨੂੰ ਦੱਸ ਦਈਏ, ਪਿਛਲੇ ਕਾਫ਼ੀ ਦਿਨਾਂ ਤੋਂ ਦਲਿਤ ਵਿਦਿਆਰਥੀਆਂ ਨਾਲ ਹੋਏ ਵਜ਼ੀਫ਼ੇ ਦੇ ਘਪਲੇ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਕੀ ਵੱਖ-ਵੱਖ ਪਾਰਟੀਆਂ ਇਦਾਂ ਹੀ ਧਰਨਾ ਦਿੰਦੀਆਂ ਰਹਿਣਗੀਆਂ ਜਾਂ ਫਿਰ ਵਿਦਿਆਰਥੀਆਂ ਨਾਲ ਇਨਸਾਫ਼ ਹੋਵੇਗਾ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ।