ਪਟਿਆਲਾ: ਪਿਛਲੇ 24 ਘੰਟਿਆਂ ਵਿੱਚ ਪੰਜਾਬੀ ਸਾਹਿਤ ਜਗਤ ਨੂੰ ਬੜਾ ਵੱਡਾ ਅਤੇ ਨਾ ਭੁੱਲਣਯੋਗ ਘਾਟਾ ਪਿਆ ਹੈ। ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਪੰਜਾਬ ਦੇ ਉੱਘੇ ਲੇਖਕ ਅਤੇ ਪਦਮ ਸ਼੍ਰੀ ਦਲੀਪ ਕੌਰ ਟਿਵਾਣਾ ਦਾ ਦੇਹਾਂਤ ਹੋ ਗਿਆ ਸੀ ਅਤੇ ਅੱਜ ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਚਿੰਤਕ ਜਸਵੰਤ ਸਿੰਘ ਕੰਵਲ ਦਾ ਦੇਹਾਂਤ ਹੋ ਗਿਆ।
ਦਲੀਪ ਕੌਰ ਟਿਵਾਣਾ ਦੇ ਦੇਹਾਂਤ ਨਾਲ ਸਮੁੱਚੇ ਪੰਜਾਬੀ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਹੈ। ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ ਨੇ ਸੋਗ ਪ੍ਰਗਟਾਉਂਦਿਆਂ ਕਿਹਾ ਕਿ ਦਲੀਪ ਕੌਰ ਟਿਵਾਣਾ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸਨ, ਜਿਨ੍ਹਾਂ ਨੂੰ ਰਿਸ਼ਤਿਆਂ ਦੀ ਕਦਰ ਸੀ ਅਤੇ ਰਿਸ਼ਤਿਆਂ ਨਾਲ ਬੜੀ ਗਹਿਰੀ ਸਾਂਝ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਘਾਟ ਹਮੇਸ਼ਾ ਹੀ ਪੰਜਾਬੀ ਸਾਹਿਤਕਾਰਾਂ ਨੂੰ ਰੜਕਦੀ ਰਹੇਗੀ।
ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਚਿੰਤਕ ਜਸਵੰਤ ਸਿੰਘ ਕੰਵਲ ਦੇ ਦੇਹਾਂਤ ਤੋਂ ਬਾਅਦ ਸਾਹਿਤਕਾਰ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ। ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਜਸਵੰਤ ਸਿੰਘ ਕੰਵਲ ਨੇ ਭਾਵੇਂ ਕਿਸਾਨਾਂ ਦੀ ਗੱਲ ਹੋਵੇ, ਮੁੰਡਿਆਂ-ਕੁੜੀਆਂ ਦੀਆਂ ਗੱਲਾਂ ਹੋਣ, ਪਿਆਰ ਮੁਹੱਬਤ ਦੀ ਗੱਲ ਹੋਵੇ, ਇਨ੍ਹਾਂ ਸਾਰੇ ਹਾਲਾਤਾਂ ਨੂੰ ਲੋਕਾਂ ਦੀਆਂ ਗੱਲਾਂ ਵਿੱਚ ਰਚਿਆ ਹੈ।