ਪਟਿਆਲਾ: ਪਟਿਆਲਾ ਪੁਲਿਸ ਨੇ 2 ਜੂਨ ਨੂੰ ਸਮਾਣਾ ਰੋਡ 'ਤੇ ਆਦਰਸ਼ ਕਾਲਜ ਨੇੜੇ ਲਿਫ਼ਟ ਮੰਗਣ ਦੇ ਬਹਾਨੇ ਇੱਕ ਬ੍ਰੇਜ਼ਾ ਕਾਰ ਸਵਾਰ ਨੂੰ 5 ਗੋਲੀਆਂ ਮਾਰ ਕੇ ਕੀਤੀ ਗਈ ਸਨਸਨੀਖੇਜ਼ ਹਥਿਆਰਬੰਦ ਕਾਰ ਖੋਹਣ ਦੇ ਮਾਮਲੇ ਨੂੰ ਮਹਿਜ ਦੋ ਦਿਨਾਂ 'ਚ ਹੀ ਹੱਲ ਕਰਕੇ ਮੁੱਖ ਦੋਸ਼ੀ ਅਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਦਾਬਾ ਦੇ ਵਸਨੀਕ ਗੁਰਪ੍ਰੀਤ ਸਿੰਘ ਗੁਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਿਅਕਤੀ ਕੋਲੋਂ ਖੋਹੀ ਕਾਰ ਅਤੇ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਜਦੋਂਕਿ ਵਾਰਦਾਤ 'ਚ ਵਰਤਿਆ ਪਿਸਤੌਲ ਅਜੇ ਬਰਾਮਦ ਕਰਨਾ ਬਾਕੀ ਹੈ।
ਸਿੱਧੂ ਨੇ ਦੱਸਿਆ ਕਿ ਇਹ ਖੋਹੀ ਕਾਰ ਅੱਗੇ ਕਿਸੇ ਵੱਡੀ ਵਾਰਦਾਤ 'ਚ ਵਰਤਣ ਦੀ ਯੋਜਨਾ ਅੰਬਾਲਾ ਵਿਖੇ ਇੱਕ ਕਤਲ ਕਰਕੇ ਸੋਨੇ ਦੀ ਪ੍ਰਸਿੱਧ ਡਕੈਤੀ ਕਰਨ ਦੇ ਮਾਮਲੇ 'ਚ ਅੰਬਾਲਾ ਜੇਲ੍ਹ 'ਚ ਬੰਦ ਗੁਰਵਿੰਦਰ ਸਿੰਘ ਗੁਰੀ ਨੇ ਬਣਾਈ ਸੀ, ਜਿਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਐਸਐਸਪੀ ਨੇ ਗੰਭੀਰ ਰੂਪ 'ਚ ਜ਼ਖ਼ਮੀ ਕਾਰ ਮਾਲਕ ਅਤੇ ਪਿੰਡ ਦੁੱਲੜ ਦੇ ਵਸਨੀਕ ਮਨਦੀਪ ਸਿੰਘ ਰਮਨ ਦੇ ਸਿਹਤਯਾਬ ਹੋਣ 'ਤੇ ਤਸੱਲੀ ਪ੍ਰਗਟਾਉਂਦਿਆਂ ਉਸ ਦੇ ਪਰਿਵਾਰ ਵੱਲੋਂ ਪਟਿਆਲਾ ਪੁਲਿਸ 'ਚ ਵਿਸ਼ਵਾਸ ਰੱਖਣ ਧੰਨਵਾਦ ਵੀ ਕੀਤਾ। ਉਨ੍ਹਾਂ ਨਾਲ ਹੀ ਜੁਰਮ ਕਰਨ ਵਾਲਿਆਂ ਨੂੰ ਤਾੜਨਾਂ ਕੀਤੀ ਕਿ ਉਹ ਪੁਲਿਸ ਦੇ ਹੱਥਾਂ 'ਚੋਂ ਬਚ ਨਹੀਂ ਸਕਣਗੇ।
ਮਨਦੀਪ ਸਿੱਧੂ ਨੇ ਦੱਸਿਆ ਕਿ ਕਾਰ ਖੋਹਣ ਲਈ ਅੰਬਾਲਾ ਜੇਲ੍ਹ ਦੇ ਬੰਦੀ ਗੁਰਵਿੰਦਰ ਸਿੰਘ ਗੁਰੀ ਨੇ ਗੁਰਪ੍ਰੀਤ ਸਿੰਘ ਗੁਰੀ ਨੂੰ ਹੈਪੀ ਸਿੰਘ ਪੁੱਤਰ ਬਾਬੂ ਸਿੰਘ ਰਾਹੀ ਹਥਿਆਰ ਦੇਸੀ ਪਿਸਤੌਲ ਮੁਹੱਈਆ ਕਰਵਾਇਆ ਸੀ, ਜਿਸਦੀ ਪਛਾਣ ਕਰ ਲਈ ਗਈ ਹੈ ਅਤੇ ਉਸਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਕਰਦਾ ਗੁਰਪ੍ਰੀਤ ਸਿੰਘ ਗੁਰੀ ਜੁਰਮ ਦੀ ਦੁਨੀਆ 'ਚ ਨਵਾਂ ਹੀ ਆਇਆ ਸੀ, ਜਿਸ ਨੂੰ ਬੀਤੇ ਦਿਨ ਪਿੰਡ ਅਸਮਾਨਪੁਰ ਚੌਂਕ ਵਿਖੇ ਬਿਨ੍ਹਾਂ ਨੰਬਰ ਪਲੇਟਾਂ ਤੋ ਬ੍ਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਆਉਂਦੇ ਹੋਏ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।