ਨਾਭਾ : ਨਾਭਾ ਸਕਿਓਰਟੀ ਜੇਲ੍ਹ ਵਿਚੋਂ ਦੋ ਮੋਬਾਈਲ, 20 ਜਰਦਾਂ ਪੂੜੀਆਂ ਤੇ ਤਿੰਨ ਹੈਡਫੋਨ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ। ਜੇਲ੍ਹ ਦੇ ਟਾਵਰ ਨੰ. 6 ਸਾਹਮਣੇ 20 ਚੱਕੀਆਂ ਦੇ ਵਿੱਚਕਾਰ 20 ਜਰਦੇ ਦੀਆਂ ਪੂੜੀਆਂ, 1 ਡਾਟਾ ਕੇਬਲ, 3 ਹੈਡਫੋਨ, 1 ਅਡੈਪਟਰ, 2 ਜੀਓ ਕੰਪਨੀ ਦੇ ਮੋਬਾਈਲ ਸਮੇਤ 1 ਸਿਮ ਬਰਾਮਦ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚੱਕੀਆਂ ਵਿੱਚ ਖ਼ਤਰਨਾਕ ਗੈਂਗਸਟਰ ਅਤੇ ਅੱਤਵਾਦੀ ਨਜ਼ਰਬੰਦ ਕੀਤੇ ਜਾਂਦੇ ਹਨ।
ਸੁਰੱਖਿਆ ਘੇਰਾ ਸਖਤ ਹੋਣ ਕਾਰਨ ਚੱਕੀਆਂ ਲਾਗੇ ਪੰਛੀ ਵੀ ਨਹੀਂ ਆ ਸਕਦਾ ਪਰ ਚੱਕੀਆਂ ਵਿਚੋਂ ਵਾਰ-ਵਾਰ ਮੋਬਾਈਲ ਬਰਾਮਦ ਹੋਣੇ ਅਤੇ ਚੱਕੀਆਂ ਲਾਗੇ ਤੋਂ ਇਹ ਸਮਾਨ ਮਿਲਣ ਨਾਲ ਜੇਲ੍ਹ ਪ੍ਰਸ਼ਾਸ਼ਨ ਦੀ ਕਿਰਕਿਰੀ ਹੋ ਰਹੀ ਹੈ।
ਇਹ ਵੀ ਪੜ੍ਹੋ:ਪਸ਼ੂਆਂ ਨਾਲ ਭਰਿਆ ਟਰੱਕ ਕਾਬੂ
ਪਿਛਲੇ 56 ਮਹੀਨਿਆਂ ਦੌਰਾਨ ਇਸ ਜੇਲ੍ਹ ਦੇ 9 ਸੁਪਰਡੈਂਟ ਵੀ ਤਬਦੀਲ ਕੀਤੇ ਜਾ ਚੁੱਕੇ ਹਨ ਪਰ ਕਰੋੜਾਂ ਰੁਪਏ ਦੇ ਜੈਮਰ ਦੇ ਬਾਵਜੂਦ ਮੋਬਾਈਲ ਇੰਟਰਨੈਟ ਧੜੱਲੇ ਨਾਲ ਜਾਰੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ਅਨੁਸਾਰ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ ਪ੍ਰੀਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।