ਨਾਭਾ: ਨੌਜਵਾਨ ਨਸ਼ਿਆਂ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਸ਼ੌਂਕ ਨੂੰ ਲੈ ਕੇ ਅਪਰਾਧ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ ਅਤੇ ਇਹ ਸ਼ੌਂਕ ਹੀ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਵੇਖਣ ਨੂੰ ਮਿਲੀ ਜਿਥੇ ਸਦਰ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ 2 ਦੇਸੀ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡੀਐੱਸਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਸਦਰ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਇਕ ਮੋਟਰਸਾਈਕਲ ਸਵਾਰ ਜਿਸ ਦੇ ਕੋਲ ਦੋ ਦੇਸੀ ਪਿਸਤੌਲ ਅਤੇ ਕੁਝ ਕਾਰਤੂਸ ਵੀ ਹਨ, ਕਿਸੇ ਵਾਰਦਾਤ ਦੀ ਫਿਰਾਕ ’ਚ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਤਲਾਹ ਮਿਲਣ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਨੌਜਵਾਨ ਨੂੰ ਦੁਲੱਦੀ ਪਿੰਡ ਦੇ ਕੋਲ ਘੇਰ ਲਿਆ ਗਿਆ ਤੇ ਤਲਾਸ਼ੀ ਮੌਕੇ ਉਸ ਕੋਲੋਂ 2 ਦੇਸੀ ਪਿਸੌਤਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਆਰੋਪੀ ਬਾਰੇ ਜਾਣਕਾਰੀ ਦਿੰਦਿਆ ਛਿੱਬਰ ਨੇ ਦੱਸਿਆ ਕਿ ਅਸਲੇ ਸਮੇਤ ਕਾਬੂ ਕੀਤੇ ਗਏ ਨੌਜਵਾਨ ’ਤੇ ਪਹਿਲਾਂ ਵੀ ਚਾਰ ਪੰਜ ਮੁਕੱਦਮੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਦਰਜ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਆਰੋਪੀ ਤੋਂ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਹਥਿਆਰ ਉਸਨੇ ਕਿਸ ਵਾਰਦਾਤ ਲਈ ਵਰਤਣੇ ਸਨ ਤੇ ਇਹ ਹਥਿਆਰ ਉਹ ਕਿੱਥੋ ਲੈਕੇ ਆਇਆ ਹੈ।