ਪਟਿਆਲਾ: ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਧਰਨਿਆਂ ਦੀ ਮਜ਼ਬੂਤੀ ਲਈ ''ਜਵਾਨੀ ਸੰਗ ਕਿਸਾਨੀ'' ਦੇ ਨਾਅਰਿਆਂ ਨਾਲ ਪਾਤੜਾਂ ਇਲਾਕੇ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮਾਰਚ ਕਕਰਾਲਾ ਭਾਈਕਾ ਦੀ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਦੇਧਨਾ, ਪਾਤੜਾਂ ਸ਼ਹਿਰ, ਚੁਨਾਗਰਾ, ਹਰਿਆਊ, ਸੇਲਵਾਲਾ, ਖਾਂਗ ਤੋਂ ਹੁੰਦਾ ਹੋਇਆ ਖਨੌਰੀ ਹੋ ਕੇ ਢਾਬੀ ਗੁੱਜਰਾਂ ਵਿਖੇ ਸਮਾਪਤ ਹੋਇਆ।
ਇਸ ਮਾਰਚ ਵਿੱਚ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਆਪਣੇ ਮੋਟਰਸਾਈਕਲਾਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਉੱਘੀ ਅਦਾਕਾਰਾ ਸੋਨੀਆ ਮਾਨ ਮਾਰਚ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਤੇ ਉਨ੍ਹਾਂ ਨੌਜਵਾਨ ਲੜਕੇ ਲੜਕੀਆਂ ਨੂੰ 22 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਦਿੱਲੀ ਪਹੁੰਚਣ ਦੀ ਅਪੀਲ ਕੀਤੀ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦਾ ਪਿਛਲੇ ਕਈ ਮਹੀਨਿਆਂ ਤੋਂ ਸੰਗਰਸ਼ ਚਲਦਾ ਆ ਰਿਹਾ ਹੈ ਪਰ ਕੇਂਦਰ ਸਰਕਾਰ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੇ ਹੱਕ ਵਿੱਚ ਨਹੀਂ।