ਪਟਿਆਲਾ: ਪੰਜਾਬ ਜੋ ਕਿ ਖਿਡਾਰੀਆਂ ਦੀ ਵੱਡੀਆਂ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਰਿਹਾ ਹੈ, ਹੁਣ ਉਸੇ ਹੀ ਪੰਜਾਬ ਰਾਜ ਦੇ ਖਿਡਾਰੀ ਸਰਕਾਰ ਤੋਂ ਨਾਖ਼ੁਸ਼ ਨਜ਼ਰ ਆ ਰਹੇ ਹਨ। ਜ਼ਿਲ੍ਹਾ ਪਟਿਆਲਾ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਅਮਨਜੀਤ ਸਿੰਘ ਵੀ ਉਨ੍ਹਾਂ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹਨ ਜੋ ਖੇਡਾਂ 'ਚ ਚੰਗਾ ਪ੍ਰਦਰਸ਼ਨ ਦਿਖਾਉਣ ਤੋਂ ਬਾਅਦ ਵੀ ਸਰਕਾਰ ਤੋਂ ਮਿਲ ਰਹੀ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਵਾਂਝੇ ਹਨ।
ਦੱਸਣਯੋਗ ਹੈ ਕਿ ਅਮਨਜੀਤ ਸਿੰਘ ਨੇ 2017 ਵਿੱਚ ਚਾਈਨਾ ਵਿਖੇ ਹੋਏ ਵਿਸ਼ਵ ਕੱਪ ਵਿੱਚ ਇਤਿਹਾਸ ਰਚਦੇ ਹੋਏ ਤੀਰ ਅੰਦਾਜ਼ੀ 'ਚ ਸੋਨ ਤਮਗਾ ਹਾਸਲ ਕੀਤਾ ਸੀ।
ਜਾਣਕਾਰੀ ਅਨੁਸਾਰ ਚਾਈਨਾ ਵਿੱਚ ਖੇਡੇ ਗਏ 2017 ਦੇ ਤੀਰ ਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਭਾਰਤ ਨੇ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਵੱਡੀਆਂ ਟੀਮਾਂ ਨੂੰ ਪਛਾੜ ਕੇ ਸੋਨ ਤਮਗੇ ਉਪਰ ਕਬਜ਼ਾ ਕੀਤਾ ਪਰ ਤਰਾਸਦੀ ਇਹ ਰਹੀ ਕਿ ਇਸ ਦੇ ਖਿਡਾਰੀ ਅਮਨਜੀਤ ਸਿੰਘ ਦੀ ਸਰਕਾਰ ਨੇ ਹੁਣ ਤੱਕ ਕੋਈ ਸਾਰ ਨਹੀਂ ਲਈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਅਮਨਜੀਤ ਸਿੰਘ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਅਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਘਰ ਬੁਲਾ ਕੇ ਚਾਹ ਪਿਆ ਕੇ ਵਧਾਈ ਤਾਂ ਦਿੱਤੀ ਪਰ ਖੇਡ ਨਿਤੀ 'ਚੋਂ ਕੋਈ ਇਨਾਮ ਜਾਂ ਸਨਮਾਨ ਦੇਣ ਦਾ ਐਲਾਨ ਨਹੀਂ ਕੀਤਾ।
ਇਹ ਵੀ ਪੜ੍ਹੋ- ਗੋਪਾਲ ਚਾਵਲਾ ਨੂੰ ਸ਼ੈਅ ਦੇ ਰਿਹਾ ਪਾਕਿਸਤਾਨ: ਹਰਸਿਮਰਤ ਬਾਦਲ
ਅਮਨਜੀਤ ਸਿੰਘ ਨੇ ਦੇਸ਼ 'ਚ ਪਸਰੇ ਅਮੀਰੀ-ਗ਼ਰੀਬੀ ਦੇ ਅੰਤਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇਕਰ ਇਹ ਤਮਗਾ ਕਿਸੇ ਅਮੀਰ ਵਰਗ ਨਾਲ ਸਬੰਧਤ ਖਿਡਾਰੀ ਨੇ ਜਿੱਤਿਆ ਹੁੰਦਿਆ ਤਾਂ ਉਸ ਨੂੰ ਸਰਕਾਰ ਕੋਲੋਂ ਬਣਦਾ ਸਨਮਾਨ ਜ਼ਰੂਰ ਦਿੱਤਾ ਜਾਂਦਾ ਪਰ ਇੱਕ ਕਿਸਾਨ ਦਾ ਪੁੱਤ ਹੋਣ ਕਾਰਨ ਉਸ ਨੂੰ ਇਸ ਸਨਮਾਨ ਤੋਂ ਵਾਂਝੇ ਰੱਖਿਆ ਗਿਆ ਹੈ।
ਅਮਨਜੀਤ ਸਿੰਘ ਨੇ ਵਿਸ਼ਵ ਕੱਪ ਖੇਡਣ ਲਈ ਆਪਣੀ ਚਾਰ ਕਿੱਲੇ ਜ਼ਮੀਨ 'ਤੇ ਲੋਨ ਲੈ ਕੇ ਪੰਜ ਲੱਖ ਦੀ ਕਿੱਟ ਖ਼ਰੀਦੀ ਸੀ ਪਰ ਹੁਣ ਢਾਈ ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਵੱਲੋਂ ਉਸ ਨੂੰ ਕੋਈ ਮੁਆਵਜ਼ਾ ਜਾਂ ਨੌਕਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਖਿਡਾਰੀਆਂ ਨੂੰ ਸਨਮਾਨ ਦੇਣ ਨਾਲ ਜਿੱਥੇ ਖਿਡਾਰੀਆਂ ਦੇ ਹੌਂਸਲੇ 'ਚ ਵਾਧਾ ਹੁੰਦਾ ਹੈ ਉੱਥੇ ਹੀ ਉਨ੍ਹਾਂ 'ਚ ਖੇਡਣ ਦੀ ਰੁਚੀ ਵੀ ਪ੍ਰਬਲ ਹੁੰਦੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਖਿਡਾਰੀ ਅਮਨਜੀਤ ਸਿੰਘ ਵੱਲ ਸਰਕਾਰ ਕਦੋਂ ਧਿਆਨ ਦਿੰਦੀ ਹੈ ਅਤੇ ਸਰਕਾਰ ਵੱਲੋਂ ਉਸ ਨੂੰ ਬਣਦਾ ਸਨਮਾਨ ਕਦੋਂ ਦਿੱਤਾ ਜਾਂਦਾ ਹੈ।