ਪਟਿਆਲਾ: ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਹਾਹਾਕਾਰ ਮਚਾਈ ਹੋਈ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਰਾਜਾਂ ਦੀਆਂ ਸਰਕਾਰਾਂ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਤੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ।
ਕਰਫਿਊ ਦੌਰਾਨ ਪੁਲਿਸ ਸੜਕਾਂ ਉੱਤੇ ਤੈਨਾਤ ਹੈ ਤਾਂ ਜੋ ਲੋਕ ਘਰਾਂ ਵਿੱਚੋਂ ਬਾਹਰ ਨਾ ਨਿਕਲ ਸਕਣ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ, ਪਟਿਆਲਾ ਵਿੱਚ ਕੁਝ ਸਮਾਜ ਸੇਵਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਸੈਨੀਟਾਈਜ਼ਰ ਤੇ ਮਾਸਕ ਵੰਡੇ ਜਾ ਰਹੇ ਹਨ।
ਇਸੇ ਦੌਰਾਨ ਈਟੀਵੀ ਭਾਰਤ ਵੱਲੋਂ ਇਨ੍ਹਾਂ ਵਿਅਕਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਹਰ ਇੱਕ ਦੀ ਜ਼ਿੰਮੇਵਾਰੀ ਹੈ, ਕਿ ਸਾਰੇ ਇੱਕ ਦੂਜੇ ਦਾ ਧਿਆਨ ਰੱਖਣ। ਸੈਨੀਟਾਈਜ਼ਰ ਦੀ ਕੀਮਤ ਬਜ਼ਾਰਾਂ ਵਿੱਚ ਜ਼ਿਆਦਾ ਹੋ ਗਈ ਸੀ, ਜਿਸ ਤੋਂ ਬਾਅਦ ਗਰੀਬ ਲੋਕਾਂ ਨੂੰ ਸੈਨੀਟਾਈਜ਼ਰ ਖ਼ਰੀਦਣ ਵਿੱਚ ਮੁਸ਼ਕਲ ਆਉਣ ਲੱਗ ਪਈ ਸੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਨੂੰ ਨੱਥ ਪਾਉਣ ਲਈ ਇਹ ਸੈਨੀਟਾਈਜ਼ਰ ਤੇ ਮਾਸਕ ਮੁਫ਼ਤ ਵੰਡੇ ਜਾ ਰਹੇ ਹਨ ਤਾਂ ਜੋ ਇਸ ਭੈੜੇ ਸਮੇਂ ਵਿੱਚ ਲੋਕ ਇੱਕ ਦੂਜੇ ਦਾ ਸਾਥ ਦੇਣ।