ਨਾਭਾ: ਮਸ਼ਹੂਰ ਬਾਡੀ ਬਿਲਡਰ, ਮਾਡਲ ਅਤੇ ਫਿਟਨੈੱਸ ਕੋਚ ਸਤਨਾਮ ਖੱਟੜਾ ਬੀਤੀ 29 ਅਗਸਤ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ, ਜਿਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਭੱਲਮਾਜਰਾ ਵਿਖੇ ਹੋਈ। ਇਸ ਸ਼ਰਧਾਂਜਲੀ ਸਮਰੋਹ ਦੌਰਾਨ ਪਿੰਡ ਵਾਸੀਆਂ ਸਮੇਤ ਵੱਡੀ ਗਿਣਤੀ ਵਿੱਚ ਸਤਨਾਮ ਖੱਟੜਾ ਦੇ ਦੋਸਤ ਮਿੱਤਰ ਸ਼ਾਮਲ ਹੋਏ। ਇਸ ਮੌਕੇ ਪੰਜਾਬੀ ਗਾਇਕ ਚਮਕੌਰ ਖੱਟੜਾ ਸਮੇਤ ਕਈ ਰਾਜਨੀਤਕ ਆਗੂਆਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸਤਨਾਮ ਖੱਟੜਾ ਦੇ ਦੋਸਤ ਕੁਲਬੀਰ ਸਿੰਘ ਥੂਹੀ, ਆਪ ਆਗੂ ਕਰਨਵੀਰ ਸਿੰਘ ਟਿਵਾਣਾ, ਅਤੇ ਲੋਕ ਗਾਇਕ ਚਮਕੌਰ ਸਿੰਘ ਖੱਟੜਾ ਨੇ ਸਤਨਾਮ ਖੱਟੜਾ ਦੀ ਅਚਾਨਕ ਹੋਈ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆ ਕਿਹਾ ਕਿ ਸਤਨਾਮ ਖੱਟੜਾ ਜਿੱਥੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਸੀ, ਉੱਥੇ ਹੀ ਜਾਨਵਰਾਂ ਅਤੇ ਬੇਸਹਾਰਾ ਅਤੇ ਗ਼ਰੀਬ ਲੋਕਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਕੁਝ ਨਾ ਕੁਝ ਬਣਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਯਾਦ ਸਦਾ ਲਈ ਸਾਡੇ ਦਿਲਾਂ ਵਿੱਚ ਰਹੇ।