ਨਾਭਾ: ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕੀਤੇ ਜਾਣ ਦੇ ਮਾਮਲੇ 'ਤੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਵਿਰੋਧੀ ਪਾਰਟੀਆਂ ਲਗਾਤਾਰ ਕੈਬਿਨੇਟ ਮੰਤਰੀ ਨੂੰ ਬਰਖਾਸਤ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕੇਸ ਦਰਜ ਕਰਨ ਦੀ ਮੰਗ ਕਰ ਰਹੀਆਂ ਹਨ।
ਸੋਮਵਾਰ ਨੂੰ ਮਾਮਲੇ ਸਬੰਧੀ ਆਪਣੀ ਪ੍ਰਤੀਕਰਮ ਦਿੰਦਿਆਂ ਕੈਬਿਨੇਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਹ ਸਭ ਕੁੱਝ ਵਿਰੋਧੀ ਪਾਰਟੀਆਂ ਦਾ ਕੀਤਾ ਕਰਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਮੁਕਾਬਲਾ ਨਾ ਕੋਈ ਕਰ ਸਕਿਆ ਹੈ, ਨਾ ਕਿਸੇ ਨੇ ਕੀਤਾ ਹੈ ਅਤੇ ਨਾ ਹੀ ਕੋਈ ਕਰੇਗਾ। ਹਾਲਾਂਕਿ ਇਹ ਜ਼ਰੂਰ ਹੈ ਕਿ ਉਨ੍ਹਾਂ ਦਾ ਓਟ ਆਸਰਾ ਲੈ ਕੇ ਅਸੀਂ ਕੰਮ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹਮੇਸ਼ਾ ਜਦੋਂ ਲੋੜ ਪਈ ਹੈ ਪੰਜਾਬ ਦੇ ਨਾਲ ਖੜੇ ਹਨ, ਪਰੰਤੂ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਜਿਹੜੇ ਅਕਾਲੀ 10 ਸਾਲ ਰਾਜ ਕਰਕੇ ਖ਼ਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਰਾਜ ਵਿੱਚ ਜਵਾਨੀ ਖ਼ਤਮ ਹੋ ਚੱਲੀ ਸੀ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆ ਕੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਜਵਾਨੀ ਨੂੰ ਬਚਾਇਆ।
ਉਨ੍ਹਾਂ ਕਿਹਾ ਕਿ ਜਿਹੜੇ ਇਹ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਕਰਨ ਬਾਰੇ ਕਿਹਾ ਜਾ ਰਿਹਾ ਹੈ, ਨਾ ਉਨ੍ਹਾਂ ਨੇ ਕਿਹਾ ਹੈ, ਨਾ ਕਦੇ ਕਹਿਣਾ ਹੈ, ਨਾ ਕੋਈ ਕਹੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਹੋ ਸਕਦਾ ਹੈ ਪਰ ਜੇਕਰ ਅਸੀਂ ਕਹਾਂਗੇ ਗੁਰੂ ਸਾਹਿਬ ਦੇ ਬਰਾਬਰ ਹਾਂ ਤਾਂ ਇਹ ਬਹੁਤ ਮਾੜੀ ਗੱਲ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੁਨੀਆ ਦੇ ਮਾਲਕ ਹਨ ਅਤੇ ਅਸੀਂ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਹੀ ਕਰ ਲਈਏ ਇਹ ਹੀ ਬਹੁਤ ਹੈ।