ਪਟਿਆਲਾ: ਇੱਕ ਮਾਰਚ ਨੂੰ ਆਗਾਮੀ ਬਜਟ ਸੈਸ਼ਨ ਦੇ ਉਦਘਾਟਨੀ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਖ਼ੁਦਕੁਸ਼ੀਆਂ, ਬਿਜਲੀ ਬਿਲਾਂ, ਡੀਜ਼ਲ,ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਰੈਲੀ ਕੀਤੀ ਗਈ।
ਰੈਲੀ ਤੋਂ ਬਾਅਦ ਅਕਾਲੀਆਂ ਵੱਲੋਂ ਐਲਾਨ ਮੁਤਾਬਕ ਵਿਧਾਨ ਸਭਾ ਵੱਲ ਕੂਚ ਕੀਤਾ ਗਿਆ। ਪੁਲਿਸ ਨੇ ਅਕਾਲੀਆਂ ਉਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਸੁਖਬੀਰ ਸਮੇਤ ਸੀਨੀਅਰ ਲੀਡਰਸ਼ਿੱਪ ਨੂੰ ਹਿਰਾਸਤ ਵਿੱਚ ਲੈ ਲਿਆ।
ਅਕਾਲੀ ਦਲ ਦੀ ਇਸ ਰੈਲੀ ਵਿੱਚ ਪਟਿਆਲਾ ਤੋਂ ਵੀ ਅਕਾਲੀ ਦਲ ਅਤੇ ਨੌਜਵਾਨਾਂ ਦਾ ਵੱਡਾ ਕਾਫ਼ਲਾ ਸ਼ਾਮਿਲ ਹੋਇਆ। ਜਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਕੈਪਟਨ ਸਰਕਾਰ ਨੂੰ ਘਪਲਿਆਂ ਦੀ ਸਰਕਾਰ ਗਰਦਾਨਦਿਆਂ ਅਕਾਲੀਆਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲਿਆ । ਉਨ੍ਹਾਂ ਕੈਪਟਨ ਦੇ ਖ਼ਾਸਮਖਾਸ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਜ਼ਹਿਰੀਲੀ ਸ਼ਰਾਬ ਅਤੇ ਦੜੇ ਸੱਟੇ ਦਾ ਕਾਰੋਬਾਰੀ ਦੱਸਿਆ। ਜ਼ਹਿਰੀਲੀ ਸ਼ਰਾਬ ਨਾਲ 300 ਤੋਂ ਜਿਆਦਾ ਲੋਕਾਂ ਦੀ ਮੌਤ ਤੇ 150 ਤੋਂ ਜ਼ਿਆਦਾ ਲੋਕਾਂ ਦੀਆਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਹਨ ਪਰ ਸਰਕਾਰ ਤੇ ਕੋਈ ਅਸਰ ਨਹੀਂ ਪਿਆ। ਹੁਣ ਲੋਕ ਸਮਝਦਾਰ ਹੋ ਚੁੱਕੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਕੈਪਟਨ ਸਰਕਾਰ ਦੇ ਰਾਜ 'ਚ ਕੋਈ ਵੀ ਵਿਕਾਸ ਜਾਂ ਕੋਈ ਵੀ ਸਹੂਲਤ ਨਹੀਂ ਮਿਲੀ।