ਪਟਿਆਲਾ: ਭਾਰਤ-ਚੀਨ ਸਰਹੱਦ 'ਤੇ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਸੀਲ ਵਿਖੇ ਪਹੁੰਚ ਗਈ ਹੈ। ਲੱਦਾਖ ਦੀ ਗਲਵਾਨ ਘਾਟੀ ਤੋਂ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਹਵਾਈ ਜਹਾਜ਼ ਰਾਹੀਂ ਪਟਿਆਲਾ ਵਿਖੇ ਪਹੁੰਚੀ।
ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤੀ ਫੌਜ ਦੇ ਜਵਾਨਾਂ ਦੀ ਚੀਨੀ ਫੌਜ ਦੇ ਜਵਾਨਾਂ ਨਾਲ ਹਿੰਸਕ ਝੜਪ ਹੋ ਗਈ ਸੀ। ਜਿਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਹਨ, ਇਨ੍ਹਾਂ ਸ਼ਹੀਦ ਹੋਏ ਜਵਾਨਾਂ ਵਿੱਚੋਂ ਇੱਕ ਮਨਦੀਪ ਸਿੰਘ ਨਾਂਅ ਦਾ ਨੌਜਵਾਨ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਰਹਿਣ ਵਾਲਾ ਸੀ। ਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਲਦਾਖ ਵਿੱਚ ਤਾਇਨਾਤ ਸੀ। ਸ਼ਹੀਦ ਜਵਾਨ 1998 'ਚ ਫੌਜ ਵਿੱਚ ਭਰਤੀ ਹੋਇਆ ਸੀ।
ਸ਼ਹੀਦ ਹੋਇਆ ਮਨਦੀਪ ਸਿੰਘ ਪਿੱਛੇ ਆਪਣੀ ਮਾਤਾ ਸ਼ਕੁੰਤਲਾ, ਧਰਮ ਪਤਨੀ ਗੁਰਦੀਪ ਕੌਰ, ਦੋ ਬੱਚਿਆਂ ਇੱਕ 17 ਸਾਲਾ ਧੀ ਮਹਿਕਪ੍ਰੀਤ ਕੌਰ ਅਤੇ 11 ਪੁੱਤਰ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ ਵਿਛੋੜਾ ਦੇ ਗਏ ਹਨ।
ਇਹ ਵੀ ਪੜੋ: ਪੰਜਾਬ ਦੇ 4 ਜਵਾਨਾਂ ਨੇ ਪੀਤਾ ਸ਼ਹਾਦਤ ਦਾ ਜਾਮ
ਦੱਸ ਦੇਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ ਵਿੱਚ ਪੰਜਾਬ ਦੇ ਚਾਰ ਸਪੂਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਹ ਚਾਰੋ ਸ਼ਹੀਦ ਜਵਾਨ ਪੰਜਾਬ ਦੇ ਸੰਗਰੂਰ, ਗੁਰਦਾਸਪੁਰ, ਪਟਿਆਲਾ ਅਤੇ ਮਾਨਸਾ ਨਾਲ ਸਬੰਧਤ ਹਨ।