ਪਟਿਆਲਾ: ਈ.ਟੀ.ਟੀ ਪਾਸ ਸਿਲੈਕਟਡ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਸਰਕਾਰ ਦੇ ਖਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਦੇ ਵੱਲੋਂ ਆਮ ਲੋਕਾਂ ਦੇ ਵਿੱਚ ਪੈਂਪਲੇਟ ਵੰਡ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਅਧਿਆਪਕਾਂ ਨੇ ਦੱਸਿਆ ਕਿ ਕਈ ਵਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਪਰ ਉਸ ਮੀਟਿੰਗ ਵਿੱਚ ਕੋਈ ਨਤੀਜਾ ਨਹੀ ਨਿਕਲਿਆ। ਉਨ੍ਹਾਂ ਕਿਹਾ ਕਿ ਨਤੀਜਾ ਨਾ ਨਿਕਲਣ ਦੇ ਕਾਰਨ ਉਨ੍ਹਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਵੀ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਲੈਕੇ ਸੂਬਾ ਸਰਕਾਰ ਖਿਲਾਫ਼ ਪੱਕਾ ਮੋਰਚਾ ਲਾਉਣਾ ਪਿਆ ਹੈ।
ਗੱਲਬਾਤ ਦੌਰਾਨ ਕਿਰਨਪਾਲ ਕੌਰ ਮਾਨਸਾ ਈ.ਟੀ.ਟੀ ਸਿਲੈਕਟੇਡ ਅਧਿਆਪਕ ਨੇ ਆਖਿਆ ਕਿ ਅਸੀਂ ਆਪਣੀਆਂ 2364 ਈ.ਟੀ.ਟੀ ਸਿਲੈਕਟੇਡ ਅਧਿਆਪਕ ਯੂਨੀਅਨ ਦੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਜਿਸ ਕਰਕੇ ਅਸੀਂ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸਦੇ ਬਾਵਜੂਦ ਵੀ ਕੋਈ ਹੱਲ ਨਾ ਨਿਕਲਣ ਕਾਰਨ ਅੱਜ ਸਾਡੀ ਤਰਫ਼ ਤੋਂ ਗੁਰਦੁਆਰਾ ਸਾਹਿਬ ਪਟਿਆਲਾ ਦੇ ਨਜ਼ਦੀਕ ਇੱਕ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਜਿੱਥੇ ਕਿ ਸਾਡੇ ਵੱਲੋਂ ਅੱਜ ਪੰਪਲੇਟ ਵੰਡ ਕੇ ਲੋਕਾਂ ਵਿੱਚ ਵੱਖਰੇ ਤਰੀਕੇ ਦੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਰੋਜ਼ਾਨਾ ਤਿੱਖੇ ਸੰਘਰਸ਼ ਕੀਤੇ ਜਾਣਗੇ।