ਪਠਾਨਕੋਟ : ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਦਾ ਸ਼ਿਕਾਰ ਅਜਿਹੇ ਕਈ ਏਜੰਟਾਂ ਦੁਆਰਾ ਕੀਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੀਆਂ ਪਹਿਲਾਂ ਸਲਾਹਾਂ ਦਿੰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਕੋਲੋਂ ਵੱਡੇ ਪੱਧਰ ਉੱਤੇ ਪੈਸੇ ਵੀ ਠੱਗਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਪਠਾਨਕੋਟ ਪੁਲਿਸ ਨੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਕਈ ਪਾਸਪੋਰਟ ਜਬਤ : ਦਰਅਸਲ ਪਠਾਨਕੋਟ ਪੁਲਿਸ ਨੇ ਗੈਰਕਾਨੂੰਨੀ ਇਮੀਗ੍ਰੇਸ਼ਨ ਰੈਕੇਟ ਚਲਾ ਰਹੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਠਾਨਕੋਟ ਦੇ ਸਰਨਾ ਕਸਬੇ ਨੇੜੇ ਬੁੱਢਾ ਨਗਰ 'ਚ ਸਥਿਤ ਆਪਣੇ ਦਫਤਰ 'ਚ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰੈਕੇਟ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਪਾਸੋਂ ਕਈ ਲੋਕਾਂ ਦੇ ਪਾਸਪੋਰਟ ਬਰਾਮਦ ਕੀਤੇ ਗਏ ਹਨ, ਇਸ ਤੋਂ ਇਲਾਵਾ ਪੁਲਸ ਨੇ ਕਈ ਦਸਤਾਵੇਜ਼ ਵੀ ਆਪਣੇ ਕਬਜ਼ੇ 'ਚ ਲਏ ਹਨ। ਦੂਜੇ ਪਾਸੇ ਪੁਲਿਸ ਨੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵਲੋਂ ਕੀਤੀ ਗਈ ਇਸ ਸਖਤ ਕਾਰਵਾਈ ਸੰਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਕਸਬਾ ਸ਼ਰਮਾ ਨੇੜੇ ਗੈਰਕਾਨੂੰਨੀ ਢੰਗ ਨਾਲ ਇਮੀਗ੍ਰੇਸ਼ਨ ਚਲਾ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰੀ ਜਾ ਰਹੀ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਪਾਸਪੋਰਟ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ, ਜਿਸ ਦੇ ਆਧਾਰ 'ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਯਾਦ ਰਹੇ ਕਿ ਏਜੰਟਾਂ ਵਲੋਂ ਮਾਰੀਆਂ ਜਾਣ ਵਾਲੀਆਂ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ। ਦੂਜੇ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਵੀ ਕਰਦਾ ਹੈ, ਪਰ ਫਿਰ ਵੀ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਇਸ ਮਾਮਲੇ ਵਿੱਚ ਵੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਗੱਲ ਦਾ ਖੁਲਾਸਾ ਹੋ ਸਕੇ ਕਿ ਇਨ੍ਹਾਂ ਵਲੋਂ ਕਿੰਨੇ ਲੋਕਾਂ ਨੂੰ ਠੱਗਿਆ ਗਿਆ ਹੈ।