ਪਠਾਨਕੋਟ: ਇੱਕ ਪਾਸੇ ਸਰਕਾਰ ਵੱਲੋਂ ਸਫਾਈ ਦਾ ਧਿਆਨ ਰੱਖਦਿਆਂ ਸਵੱਛ ਭਾਰਤ ਦਾ ਨਾਅਰਾ ਲਗਾਇਆ ਜਾ ਰਿਹਾ ਹੈ। ਮਹਾਂਮਾਰੀ ਕਾਰਨ ਪ੍ਰਸ਼ਾਸਨ ਵੀ ਲਗਾਤਾਰ ਲੋਕਾਂ ਨੂੰ ਸਫਾਈ ਰੱਖਣ ਲਈ ਹਦਾਇਤਾਂ ਜਾਰੀ ਕਰ ਰਿਹਾ ਹੈ। ਇਸ ਦੇ ਬਾਵਜੂਦ ਵੀ ਲੋਕਾਂ ਵੱਲੋਂ ਆਪਣੇ ਨਿੱਜੀ ਸਵਾਰਥ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਪਠਾਨਕੋਟ ਵਿੱਚ ਗੰਦਗੀ ਫੈਲਾਉਣ ਵਾਲੇ ਇੱਕ ਠੇਕੇਦਾਰ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ।
ਪਠਾਨਕੋਟ ਦੇ ਮਮੂਨ ਕੈਂਟ ਵਿੱਚ ਇੱਕ ਠੇਕੇਦਾਰ ਨੇ ਕੈਂਟ ਦੀ ਸਫਾਈ ਦਾ ਠੇਕਾ ਲਿਆ ਸੀ ਪਰ ਉਸ ਵੱਲੋਂ ਸਾਰਾ ਕੂੜਾ ਨਗਰ ਨਿਗਮ ਦੀ ਹੱਦ ਅੰਦਰ ਸੁੱਟਿਆ ਜਾ ਰਿਹਾ ਸੀ। ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਸ ਠੇਕੇਦਾਰ ਦੀਆਂ 11 ਟਰਾਲੀਆਂ ਕੁੜੇ ਸਮੇਤ ਕਬਜ਼ੇ 'ਚ ਲੈ ਕੇ 8 ਲੱਖ ਦਾ ਜੁਰਮਾਨਾ ਲਗਾ ਦਿੱਤਾ।