ਪਠਾਨਕੋਟ: ਸ਼ਰਾਬ ਠੇਕੇਦਾਰਾਂ ਕਰਿੰਦਿਆਂ ਦੇ ਹੌਂਸਲੇ ਵਧਦੇ ਹੀ ਜਾ ਰਹੇ ਹਨ। ਪੁਲਿਸ ਵੀ ਇਨ੍ਹਾਂ ਨੂੰ ਰੋਕਣ ਦੇ ਵਿੱਚ ਬੇਵੱਸ ਸਾਬਿਤ ਹੋਈ ਹੈ। ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਇਸ ਵਾਰ ਹਰਿਆਲ ਪਿੰਡ ਦੇ ਇੱਕ ਨੌਜਵਾਨ ਬਲਵਿੰਦਰ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਪੁਲਿਸ ਵੱਲੋਂ ਹੁਣ ਤੱਕ ਕਿਸੇ ਵੀ ਆਰੋਪੀ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਇਸ ਜ਼ਖਮੀ ਨੌਜਵਾਨ ਨੂੰ ਕੱਲ੍ਹ ਰਾਤ ਪੁਲਿਸ ਨੇ ਹਵਾਲਾਤ ਵਿੱਚ ਪਾ ਦਿੱਤਾ ਸੀ ਜਿਸ ਦੀ ਮਾੜੀ ਹਾਲਤ ਵੇਖ ਕੇ ਉਸ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਜਦ ਪੁਲਿਸ ਦੀ ਇਸ ਹਰਕਤ ਨੂੰ ਇਲਾਕਾ ਵਾਸੀਆਂ ਨੇ ਵੇਖਿਆ ਤਾਂ ਉਹ ਪੀੜਤ ਪਰਿਵਾਰ ਦੇ ਨਾਲ ਮਿਲ ਮਾਮੂਨ ਥਾਣੇ ਵਿੱਚ ਜਾ ਕੇ ਪੁਲਿਸ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਦੇ ਪਿੰਡ ਦਾ ਇਹ ਨੌਜਵਾਨ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਜਦ ਉਹ ਵਾਪਸ ਮੁੜ ਰਿਹਾ ਸੀ ਤਾਂ ਕਰਿੰਦਿਆਂ ਨੇ ਉਸ ਨੂੰ ਘੇਰ ਲਿਆ ਅਤੇ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਨੌਜਵਾਨ ਬੇਹੋਸ਼ ਹੋ ਗਿਆ ਪਰ ਪੁਲਿਸ ਮਾਮਲੇ ਨੂੰ ਕੋਈ ਹੋਰ ਰੰਗ ਦੇ ਰਹੀ ਹੈ। ਪਰਿਵਾਰ ਵਾਲਿਆਂ ਦਾ ਇਲ਼ਜ਼ਾਮ ਹੈ ਕਿ ਪੁਲਿਸ ਵਾਰਦਾਤ ਨੂੰ ਇੱਕ ਝੂਠੀ ਕਹਾਣੀ ਬਣਾ ਕੇ ਪੇਸ਼ ਕਰਨ ਦੀ ਫ਼ਿਰਾਕ ਵਿੱਚ ਹੈ।।