ਪਠਾਨਕੋਟ: ਇੰਡੋ-ਪਾਕ ਬਾਰਡਰ ਦੇ ਨਾਲ ਲੱਗਦੇ ਹਲਕਾ ਭੋਆ ਦੇ ਬੱਸ ਸਟੈਂਡ ਦੀ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਇਹ ਬੱਸ ਸਟੈਂਡ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਪਰ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ। ਮੌਨਸੂਨ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੱਸ ਸਟੈਂਡ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ। ਬੱਸ ਸਟੈਂਡ ਦੇ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ, ਜੋ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।
ਇਸ ਬਸ ਸਟੈਂਡ ਤੋਂ ਸਿਰਫ਼ ਪਠਾਨਕੋਟ ਨੂੰ ਬਸਾਂ ਨਹੀਂ ਚਲਦੀਆਂ ਸਗੋਂ ਜੰਮੂ ਲਈ ਵੀ ਬੱਸਾਂ ਮਿਲਦੀਆਂ ਹਨ। ਇਸ ਬੱਸ ਸਟੈਂਡ 'ਤੇ ਸਵਾਰੀਆਂ ਦੇ ਬੈਠਣ ਤੱਕ ਦੀ ਜਗ੍ਹਾ ਨਹੀਂ ਬਣੀ ਹੋਈ। ਸਵਾਰੀਆਂ ਬਾਹਰ ਖੜ੍ਹੇ ਹੋ ਕੇ ਬੱਸਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਇਸ ਬੱਸ ਸਟੈਂਡ 'ਤੇ ਮੁੱਢਲੀ ਸਹੂਲਤਾਂ ਦੀ ਵੀ ਘਾਟ ਹੈ। ਟਾਇਲਟਾਂ 'ਤੇ ਤਾਲੇ ਲੱਗੇ ਹੋਏ ਹਨ।
ਸਥਾਨਕ ਲੋਕਾਂ ਨੇ ਇਸ ਬੱਸ ਸਟੈਂਡ ਦੀ ਸਥਿਤੀ ਸੁਧਾਰਣ ਲਈ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ। ਲੋਕਾਂ ਨੇ ਸਬੰਧਤ ਵਿਭਾਗ ਤੋਂ ਬੱਸ ਸਟੈਂਡ ਦੀ ਸਫ਼ਾਈ ਤੇ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਸਰਕਾਰ ਇਸ ਸਮੱਸਿਆ ਵੱਲ ਕਦੋਂ ਧਿਆਨ ਦਿੰਦੀ ਹੈ।