ਪਠਾਨਕੋਟ : ਕਹਿੰਦੇ ਹਨ ਕਿ ਮੌਤ ਜਦੋਂ ਆਉਂਦੀ ਹੈ, ਨਾ ਸਮਾਂ ਦੇਖਦੀ ਹੈ, ਨਾ ਹੀ ਸਥਾਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਢਾਂਗੂ ਰੋਡ ਰੇਲਵੇ ਫਾਟਕ ਨੇੜੇ ਸਾਹਮਣਿਓਂ ਦੇਖਣ ਨੂੰ ਮਿਲਿਆ ਹੈ। ਇੱਥੇ ਦੌਰਾ ਪੈਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਤੁਰੰਤ ਪੁਲਿਸ ਤੇ ਐਂਬੂਲੈਂਸ ਨੂੰ ਸੂਚਿਤ ਕੀਤਾ, ਪਰ ਜਦੋਂ ਤਕ ਐਂਬੂਲੈਂਸ ਪਹੁੰਚੀ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਅਨੁਸਾਰ ਪਠਾਨਕੋਟ ਦੇ ਢਾਂਗੂ ਰੋਡ ਰੇਲਵੇ ਫਾਟਕ ਨਜ਼ਦੀਕ ਇਕ ਵਿਅਕਤੀ ਸੜਕ ਉਤੇ ਚੱਲ ਰਿਹਾ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ। ਇਸ ਪੂਰੀ ਘਟਨਾ ਦੀ ਫੁਟੇਜ ਵੀ ਸੀਸੀਟੀਵੀ ਵਿਚ ਕੈਦ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਕਤ ਵਿਅਕਤੀ ਹੇਠਾਂ ਡਿੱਗਿਆ ਤਾਂ ਉਸ ਸਮੇਂ ਤਕ ਕਿਸੇ ਰਾਹਗੀਰ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਪਰ ਜਦੋਂ ਉਸ ਦੀ ਹਾਲਤ ਜ਼ਿਆਦਾ ਗੰਭੀਰ ਦਿਸੀ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੇ ਚੁੱਕਿਆ ਤੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ, ਪਰ ਜਦੋਂ ਤਕ ਐਂਬੂਲੈਂਸ ਪਹੁੰਚਦੀ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਮੌਕੇ ਉਤੇ ਪਹੁੰਚੀ ਪੁਲਸ ਨੇ ਉਸ ਦਾ ਆਈਡੀ ਪਰੂਫ ਚੈੱਕ ਕਰਨ ਤੋਂ ਬਾਅਦ ਉਸ ਦੇ ਘਰ ਫੋਨ ਕਰ ਕੇ ਸੂਚਨਾ ਦਿੱਤੀ। ਉਕਤ ਵਿਅਕਤੀ ਦੀ ਪਛਾਣ ਮਦਨ ਲਾਲ ਵਾਸੀ ਹਿਮਾਚਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Harwinder Singh Sandhu Rinda: ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹਰਵਿੰਦਰ ਸਿੰਘ ਰਿੰਦਾ ਨੂੰ ਐਲਾਨਿਆ ਅੱਤਵਾਦੀ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਗਾਂਧੀ ਚੌਕ ਵਾਲੇ ਪਾਸੇ ਤੋਂ ਆ ਰਿਹਾ ਸੀ ਤੇ ਅਚਾਨਕ ਹੇਠਾਂ ਡਿੱਗ ਗਿਆ। ਲੋਕਾਂ ਨੇ ਪੁਲਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ । ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਅੱਧਾ ਘੰਟਾ ਬੀਤ ਜਾਣ ਤੱਕ ਐਂਬੂਲੈਂਸ ਨਹੀਂ ਪਹੁੰਚੀ ਅਤੇ ਵਿਅਕਤੀ ਦੀ ਲਾਸ਼ ਉੱਥੇ ਹੀ ਜ਼ਮੀਨ 'ਤੇ ਪਈ ਰਹੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚ ਗਏ ਸਨ।
ਵਿਅਕਤੀ ਦੀ ਜਾਂਚ ਕਰਨ ਉਪਰੰਤ ਉਸ ਪਾਸੋਂ ਆਧਾਰ ਕਾਰਡ ਮਿਲਿਆ ਹੈ, ਜਿਸ ਤਹਿਤ ਉਕਤ ਵਿਅਕਤੀ ਦੀ ਪਛਾਣ ਮਦਨ ਲਾਲ ਵਾਸੀ ਪਿੰਡ ਭਗਵਾਨ ਤਹਿਸੀਲ ਜਵਾਲੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਜਾਂਚ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।