ਪਠਾਨਕੋਟ: ਜ਼ਿਲ੍ਹੇ ਦੇ ਵਾਰਡ ਨੰਬਰ 19 'ਚ ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਪਠਾਨਕੋਟ ਤੋਂ ਉਮੀਦਵਾਰ ਅਸ਼ਵਨੀ ਸ਼ਰਮਾ ਦੀ ਰੈਲੀ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਰੈਲੀ ਵਾਲੀ ਥਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਜੂਦ ਲੋਕਾਂ 'ਚੋਂ 4 ਦੇ ਕਰੀਬ ਭਾਜਪਾ ਵਰਕਰ ਜ਼ਖਮੀ ਹੋ ਗਏ। ਭਾਜਪਾ ਉਮੀਦਵਾਰ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਕਾਨੂੰਨ ਵਿਵਸਥਾ ਨੂੰ ਸਹੀ ਬਣਾਉਣ ਵਿੱਚ ਅਸਫ਼ਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਵਾਰਡ ਨੰਬਰ 19 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਵਾਰਡ 'ਚ ਭਾਜਪਾ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਪਠਾਨਕੋਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨੀ ਸੀ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੈਲੀ 'ਚ ਹੰਗਾਮਾ ਹੋ ਗਿਆ। ਜਿਸ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ 'ਚ 4 ਦੇ ਕਰੀਬ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੰਨਾ ਹੀ ਨਹੀਂ ਇਸ ਰੈਲੀ 'ਚ ਲਗਾਈਆਂ ਗਈਆਂ ਕੁਰਸੀਆਂ ਵੀ ਤੋੜ ਦਿੱਤੀਆਂ ਗਈਆਂ। ਭਾਜਪਾ ਪੰਜਾਬ ਪ੍ਰਧਾਨ ਨੇ ਭਾਜਪਾ ਦੀ ਰੈਲੀ 'ਤੇ ਹੋਏ ਇਸ ਹਮਲੇ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਚੁੱਕੇ ਹਨ।
ਇਸ ਸੰਬੰਧੀ ਜਦੋਂ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਰੈਲੀ ਵਿੱਚ ਪਹੁੰਚ ਰਹੇ ਸਨ ਤਾਂ ਵਾਰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਰੈਲੀ ਨਾ ਕਰਨ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ। ਜ਼ਖਮੀ ਲੋਕਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਡਾਕਟਰ ਨੇ ਦੱਸਿਆ ਕਿ ਕੁਝ ਲੋਕ ਜ਼ਖਮੀ ਹਾਲਤ 'ਚ ਹਸਪਤਾਲ ਆਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਫਿਲਹਾਲ ਸਾਰਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ, ਕਿਹਾ-ਚੰਨੀ...