ਪਠਾਨਕੋਟ: ਸੂਬੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਿਸ ਅਤੇ ਬੀਐੱਸਐੱਫ ਵੱਲੋਂ ਪੰਜਾਬ-ਜੰਮੂ ਦੇ ਸਰਹੱਦੀ ਇਲਾਕਿਆਂ ਵਿੱਚ ਸਾਂਝਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਹੇਮ ਪੁਸ਼ਪ ਨੇ ਦੱਸਿਆ ਕਿ ਬੀਤੇ ਦਿਨੀ ਪੰਜਾਬ-ਜੰਮੂ ਦੇ ਬਾਰਡਰ ਉੱਤੇ ਪੁਲਿਸ ਨੂੰ ਇੱਕ ਟਰੱਕ ਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਸੂਬੇ ਦੀ ਸੁਰੱਖਿਆ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਥਿਆਰਾਂ ਦਾ ਜ਼ਖੀਰਾ ਮਿਲਣ ਦੀ ਇਸ ਘਟਨਾ ਤੋਂ ਬਾਅਦ ਲਗਾਤਾਰ ਸੁਰੱਖਿਆ ਏਜੰਸੀਆਂ ਵੱਲੋਂ ਮਿਲ ਰਹੀ ਗੁਪਤ ਸੂਚਨਾਵਾਂ ਦੇ ਆਧਾਰ ਉੱਤੇ ਪਠਾਨਕੋਟ ਸਣੇ ਜੰਮੂ ਨਾਲ ਲਗਦੇ ਸਾਰੇ ਹੀ ਸਰਹੱਦੀ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਸਰਚ ਅਭਿਆਨ ਪੰਜਾਬ ਪੁਲਿਸ ਅਤੇ ਬੀਐੱਸਐੱਫ ਵੱਲੋਂ ਸਾਂਝੇ ਤੌਰ 'ਤੇ ਚਲਾਇਆ ਜਾ ਰਿਹਾ ਹੈ।
ਪੰਜਾਬ ਪੁਲਿਸ-ਬੀਐੱਸਐੱਫ ਦੇ ਨਾਲ ਮਿਲ ਕੇ ਜੰਮੂ ਕਸ਼ਮੀਰ ਤੋਂ ਪੰਜਾਬ ਵੱਲ ਆਉਣ ਵਾਲੇ ਸਾਰੇ ਰਸਤਿਆਂ ਦੇ ਨੇੜੇ ਲਗਦੇ ਜੰਗਲਾਤ ਇਲਾਕਿਆਂ, ਦਰਿਆਵਾਂ ਦੇ ਕੰਢੇ ਸਰਚ ਅਭਿਆਨ ਚਲਾ ਰਹੀ ਹੈ। ਪੰਜਾਬ ਪੁਲਿਸ ਅਤੇ ਬੀਐੱਸਐੱਫ ਦੇ ਜਵਾਨ ਅਤੇ ਸਵੈਟ ਟੀਮ ਵੱਲੋਂ ਲਗਾਤਾਰ ਸਰਹੱਦੀ ਇਲਾਕੇ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਰਚ ਅਭਿਆਨ ਦੀ ਇਹ ਟੀਮ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਅਤੇ ਸਰਚ ਅਭਿਆਨ ਲਈ ਨਾਈਟ ਵਿਜ਼ਨ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਰਚ ਅਭਿਆਨ ਦੌਰਾਨ ਸਰਹੱਦੀ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਅੱਤਵਾਦੀ ਗੱਤੀਵਿਧੀਆਂ ਨੂੰ ਰੋਕਿਆ ਜਾ ਸਕੇ।