ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਉਥੇ ਹੀ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀ ਤਨਖਾਹ ਵਿਚੋਂ ਕਟੌਤੀ ਕੀਤੀ ਜਾ ਰਹੀ ਹੈ। ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਰੋਸ ਵਜੋਂ ਕਾਲੇ ਚੋਲੇ ਪਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਇਹ ਫ਼ਰਮਾਨ ਵਾਪਿਸ ਨਾ ਲਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਉਨ੍ਹਾਂ ਨੇ ਪੱਕਾ ਕਰਨ ਦੀ ਮੰਗ ਵੀ ਕੀਤੀ ਹੈ।
ਇਸ ਵਾਰੇ ਹੋਰ ਜਾਣਕਾਰੀ ਦਿੰਦੇ ਹੋਏ ਪਨਬੱਸ ਮੁਲਾਜ਼ਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਨਾਦਰਸ਼ਾਹੀ ਫ਼ਰਮਾਨ ਲੋਕਾਂ 'ਤੇ ਥੋਪ ਰਹੀ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਜੇ ਕਰ ਪੰਜਾਬ ਸਰਕਾਰ ਨੇ ਤਨਖਾਹਾਂ ਵਿੱਚ ਕਟੌਤੀ ਦਾ ਫਰਮਾਨ ਬਾਪਿਸ ਨਾ ਲਿਆ ਤਾਂ ਉਹ 15 ਅਗਸਤ ਵਾਲੇ ਦਿਨ ਜਿਥੇ ਵੀ ਤਿਰੰਗਾ ਫ਼ਹਿਰਾਇਆ ਜਾਵੇਗਾ ਉਥੇ ਪ੍ਰਦਰਸ਼ਨ ਕਰਨਗੇ।
ਦੱਸ ਦਈਏ ਸੂਬਾ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਚੋਂ 25 ਫ਼ੀਸਦੀ ਦੀ ਕਟੌਤੀ ਦੇ ਹੁਕਮ ਜਾਰੀ ਕੀਤੇ ਹਨ। ਪਨਬੱਸ ਮੁਲਾਜ਼ਮ ਪਿਛਲੇ 12-13 ਸਾਲਾਂ ਤੋਂ ਘੱਟ ਤਨਖਾਹਾਂ ਲੈ ਕੇ ਅਤੇ ਅਣਥੱਕ ਮਿਹਨਤ ਕਰ ਕੇ ਪਨਬੱਸ ਨੂੰ ਮੁਨਾਫ਼ੇ 'ਚ ਲਿਆਉਣ ਲਈ ਸਹਿਯੋਗ ਕਰਦੇ ਆ ਰਹੇ ਹਨ। ਕੋਵਿਡ 19 'ਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਵੱਖ-ਵੱਖ ਸੂਬਿਆਂ 'ਚੋਂ ਪਰਵਾਸੀਆਂ ਨੂੰ ਛੱਡਣ ਤੇ ਲਿਆਉਣ ਲਈ ਅਤੇ ਐਂਬੂਲੈਂਸਾਂ 'ਤੇ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਹਨ ਪਰ ਤਨਖ਼ਾਹ ਦੇਣ ਸਮੇਂ ਬਜਟ ਨਾ ਹੋਣ ਦਾ ਕਹਿ ਕੇ ਕਟੌਤੀ ਕੀਤੀ ਜਾ ਰਹੀ ਹੈ।