ਪਠਾਨਕੋਟ: ਪੰਜਾਬ ਜੰਮੂ ਸਰਹੱਦ 'ਤੇ ਬਣੇ ਸ਼ਾਮਾ ਪ੍ਰਸ਼ਾਦ ਮੁਖਰਜੀ ਦੇ ਸਮਾਰਕ ਦੀ ਹਾਲਤ ਖਸਤਾ ਹੋ ਗਈ ਹੈ। ਸ਼ਾਮਾ ਪ੍ਰਸਾਦ ਮੁਖਰਜੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਬਲਿਦਾਨ ਦਿੱਤਾ ਸੀ।
ਦੱਸਣਯੋਗ ਹੈ ਕਿ ਸ਼ਾਮਾ ਪ੍ਰਸਾਦ ਮੁਖਰਜੀ ਨੇ ਜੰਮੂ 'ਚ ਜਾਣ ਵਾਸਤੇ ਪਰਮਿਟ ਸਿਸਟਮ ਦਾ ਵਿਰੋਧ ਕੀਤਾ ਸੀ। ਜਿਸ ਦੇ ਚੱਲਦੇ ਉਨ੍ਹਾਂ ਨੇ ਪੰਜਾਬ ਦੇ ਮਾਧੋਪੁਰ ਰਸਤੇ ਜੰਮੂ ਦੇ ਵਿੱਚ ਬਿਨ੍ਹਾਂ ਪਰਮਿਟ ਤੇ ਦਾਖ਼ਲ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜੰਮੂ ਵਿੱਚ ਬਿਨ੍ਹਾਂ ਗ੍ਰਿਫ਼ਤਾਰ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਜੰਮੂ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਇਹ ਕੀਤਾ ਵਿਰੋਧ ਰੰਗ ਲਿਆਇਆ ਅਤੇ ਜੰਮੂ ਦੇ ਵਿੱਚ ਦਾਖ਼ਲ ਹੋਣ ਵਾਸਤੇ ਜੋ ਪਰਮਿਟ ਸਿਸਟਮ ਲਾਗੂ ਸੀ ਉਹ ਬੰਦ ਕਰ ਦਿੱਤਾ ਗਿਆ ਸੀ।
ਸ਼ਾਮਾ ਪ੍ਰਸਾਦ ਮੁਖਰਜੀ ਨੂੰ ਨੌਜਵਾਨ ਪੀੜ੍ਹੀ ਵੱਲੋਂ ਯਾਦ ਰੱਖੇ ਜਾਣ ਦੇ ਲਈ ਪੰਜਾਬ ਜੰਮੂ ਬਾਰਡਰ ਮਾਧੋਪੁਰ ਉੱਪਰ ਉਨ੍ਹਾਂ ਦਾ ਸਮਾਰਕ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਬਣਾਇਆ ਗਿਆ। ਪਰ ਜਿਵੇਂ-ਜਿਵੇਂ ਸਮਾਂ ਬੀਤ ਦਾ ਗਿਆ ਸਮਾਰਕ ਦੀ ਸੁੰਦਰਤਾ ਵੀ ਘਟਦੀ ਗਈ।
ਹੁਣ ਉਸ ਥਾਂ 'ਤੇ ਹਰ ਪਾਸੇ ਝਾੜੀਆਂ ਉੱਗੀਆਂ ਪਈਆਂ ਹਨ। ਜਿਨ੍ਹਾਂ ਦੀ ਸਾਫ਼ ਸਫਾਈ ਕਰਨ ਵਾਸਤੇ ਰੱਖੇ ਮਾਲੀ ਅਤੇ ਚੌਕੀਦਾਰ ਨੂੰ ਵੀ ਅਜੇ ਤੱਕ ਕੋਈ ਤਨਖਾਹ ਨਹੀਂ ਮਿਲੀ। ਜਾਣਕਾਰੀ ਦਿੰਦੇ ਹੋਏ ਉੱਥੇ ਮੌਜੂਦ ਮਾਲੀ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਦੀ ਸੇਵਾ ਕਰ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਸ ਦੀ ਜੋ ਤਨਖਾਹ ਬਣਦੀ ਹੈ ਉਹ ਨਹੀਂ ਦਿੱਤੀ ਗਈ।
ਦੂਜੇ ਪਾਸੇ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਨਵੇਂ ਜ਼ਿਲ੍ਹਾ ਪ੍ਰਧਾਨ ਬਣੇ ਹਨ ਅਤੇ ਪਿਛਲੇ ਦਿਨੀਂ ਲੌਕਡਾਊਨ ਲੱਗਾ ਰਿਹਾ। ਜਿਸ ਕਾਰਨ ਇੱਥੇ ਸਾਫ਼ ਸਫ਼ਾਈ ਨਾ ਹੋ ਸਕੀ ਅਤੇ ਤਨਖਾਹ ਦੀ ਗੱਲ ਬਾਰੇ ਪੁੱਛਦੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਦਾ ਕੋਈ ਹੱਲ ਕੱਢਿਆ ਜਾਵੇਗਾ।