ਪਠਾਨਕੋਟ :ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਦੇ ਚਲਦੇ ਪਠਾਨਕੋਟ ਵਿਖੇ ਸਥਿਤ ਚੱਕ ਦਰਿਆ 'ਚ ਪਾਣੀ ਦਾ ਬਹਾਅ ਤੇਜ਼ ਹੋ ਗਿਆ ਹੈ। ਪਾਣੀ ਦੇ ਤੇਜ਼ ਬਹਾਅ ਕਾਰਨ ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲੀ ਲਿੰਕ ਰੋਡ ਰੁੜ ਗਈ ਹੈ।
ਬੀਤੇ ਕਈ ਦਿਨਾਂ ਤੋਂ ਪਹਾੜਾਂ 'ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਚਲਦੇ ਪਠਾਨਕੋਟ ਦੇ ਚੱਕ ਦਰਿਆ 'ਚ ਪਾਣੀ ਦਾ ਬਹਾਅ ਵੱਧ ਗਿਆ। ਦਰਿਆ ਕੰਡੇ ਏਅਰਪੋਰਟ ਨੂੰ ਜਾਣ ਤੇ ਪੰਜਾਬ-ਹਿਮਾਚਲ ਨੂੰ ਜੋੜਨ ਵਾਲੀ ਲਿੰਕ ਰੋਡ ਰੁੜ ਗਈ ਹੈ। ਸੜਕ ਰੁੜ ਜਾਣ ਕਾਰਨ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਸਬੰਧੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਇਹ ਰੋਡ ਮਹਿਜ਼ ਦੋ ਸਾਲ ਪਹਿਲਾਂ ਬਣੀ ਹੈ। ਉਨ੍ਹਾਂ ਕਿਹਾ ਕਿ ਇਹ ਇਕੋ ਇੱਕ ਅਜਿਹਾ ਰਸਤਾ ਹੈ ਜੋ ਕਿ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਇਹ ਰਸਤਾ ਏਅਰਪੋਰਟ ਨੂੰ ਵੀ ਜਾਂਦਾ ਹੈ। ਇਸ ਦਰਿਆ ਦੇ ਕੰਡੇ ਕਈ ਪਿੰਡ ਵਸੇ ਹਨ ਅਤੇ ਹੁਣ ਰਸਤਾ ਰੁੜ ਜਾਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸਰਕਾਰ ਕਰੋੜਾਂ ਰੁਪਏ ਖ਼ਰਚ ਤਾਂ ਕਰਦੀ ਹੈ ਪਰ ਸਹੀ ਢੰਗ ਨਾਲ ਕੰਮ ਨਹੀਂ ਹੁੰਦਾ। ਲੋਕਾਂ ਮੁਤਾਬਕ ਸੜਕ ਦਰਿਆ ਦੇ ਕੰਡੇ ਬਰਾਬਰ ਬਣਾਈ ਗਈ ਸੀ, ਜਿਸ ਦੇ ਕਾਰਨ ਪਾਣੀ ਦਾ ਤੇਜ਼ ਬਹਾਅ ਆਉਂਦੇ ਹੀ ਸੜਕ ਰੁੜ ਗਈ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਇਹ ਸੜਕ ਦਰਿਆ ਦੇ ਕੰਡੇ ਤੋਂ ਵੱਧ ਉਚਾਈ 'ਤੇ ਬਣਾਈ ਜਾਂਦੀ ਤਾਂ ਅਜਿਹਾ ਨਾ ਹੁੰਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਨੂੰ ਮੁੜ ਬਣਾਇਆ ਜਾਵੇ ਤਾਂ ਜੋ ਸਥਾਨਕ ਲੋਕਾਂ ਲਈ ਆਵਾਜਾਈ ਸੁਖਾਲੀ ਹੋ ਸਕੇ।