ਪਠਾਨਕੋਟ: ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਆਪਣੇ ਤਿੰਨ ਰੋਜ਼ਾ ਪ੍ਰੋਗਰਾਮ ਲਈ ਦਾ ਵਾਈਟ ਮੈਡੀਕਲ ਕਾਲਜ ਪਠਾਨਕੋਟ ਪਹੁੰਚੇ, ਜਿੱਥੇ ਉਨ੍ਹਾਂ ਨੇ ਪਹਿਲੇ ਦਿਨ ਭਾਗਵਤ ਕਥਾ ਦਾ ਪ੍ਰਚਾਰ ਕੀਤਾ। ਇਸ ਪ੍ਰੋਗਰਾਮ ਵਿੱਚ ਪਠਾਨਕੋਟ ਦੇ ਨਾਲ-ਨਾਲ ਹਿਮਾਚਲ ਅਤੇ ਹੋਰ ਰਾਜਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਪਠਾਨਕੋਟ ਵਿੱਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਸਮੂਹ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਇਸ ਸ਼ੋਭਾ ਯਾਤਰਾ ਵਿੱਚ ਸੰਗਤਾਂ ਨੇ ਬਾਗੇਸ਼ਵਾਰ ਧਾਮ ਸਰਕਾਰ ਦੇ ਦਰਸ਼ਨ ਕੀਤੇ ਅਤੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਭਗਤਮਈ ਹੋ ਗਿਆ।
ਧਰਮ ਦਾ ਪ੍ਰਚਾਰ ਕਰਨ ਲਈ ਆਏ: ਇਸ ਦੌਰਾਨ ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਕਿਹਾ ਕਿ ਉਹ ਸਨਾਤਨ ਧਰਮ ਦਾ ਪ੍ਰਚਾਰ ਕਰਨ ਲਈ ਥਾਂ-ਥਾਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਅਤੇ ਇਹ ਬਹੁਤ ਉੱਨਤ ਸੂਬਾ ਹੈ।ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਨਾਲ ਹੀ ਦੁਰਗਿਆਣਾ ਮੰਦਿਰ ਵਿੱਚ ਵੀ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਨੂੰ ਨਾ ਤਾਂ ਮੰਦਰਾਂ ਵਿੱਚ ਅਤੇ ਨਾ ਹੀ ਗੁਰਦੁਆਰਿਆਂ ਵਿੱਚ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਧਰਮ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਿੱਤਾ ਜਾਵੇਗਾ, ਇਸ ਲਈ ਉਹ ਧਰਮ ਦਾ ਪ੍ਰਚਾਰ ਕਰਨ ਲਈ ਨਿਕਲੇ ਹਨ।
ਪਹਿਲਾ ਪ੍ਰੋਗਰਾਮ ਪੰਜਾਬ ਵਿੱਚ: ਇਸ ਮੌਕੇ ਉੱਤੇ ਇਸ ਧਾਰਮਿਕ ਪ੍ਰੋਗਰਾਮ ਨੂੰ ਕਰਵਾ ਰਹੇ ਵਾਈਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਚੇਅਰਮੈਨ ਸਵਰਨ ਸਲਾਰਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਾ ਵ੍ਹਾਈਟ ਮੈਡੀਕਲ ਕਾਲਜ ਵਿਖੇ ਤਿੰਨ ਰੋਜ਼ਾ ਪ੍ਰੋਗਰਾਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਦਰਸ਼ਨਾਂ ਲਈ ਲੋਕ ਦੂਰੋਂ-ਦੂਰੋਂ ਆਏ ਸਨ। ਇਸ ਪ੍ਰੋਗਰਾਮ ਲਈ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਪ੍ਰੋਗਰਾਮ ਪੰਜਾਬ ਵਿੱਚ ਹੋ ਰਿਹਾ ਹੈ।