ਪਠਾਨਕੋਟ: ਇਸ ਕਥਿਤ ਆਧੁਨਿਕ ਦੌਰ ਵਿੱਚ ਖੂਨ ਦੇ ਰਿਸ਼ਤੇ ਕਿਸ ਤਰ੍ਹਾਂ ਆਪਣੀ ਜੜ੍ਹਾਂ ਛੱਡ ਰਹੇ ਹਨ, ਇਸ ਦੀਆਂ ਆਏ ਦਿਨ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਇਸੇ ਤਰ੍ਹਾਂ ਦੀ ਹੀ ਖ਼ਬਰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਘਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਭਤੀਜੇ ਨੇ ਆਪਣੇ 65 ਵਰ੍ਹਿਆਂ ਦੇ ਤਾਏ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਸ਼ੂਆਂ ਦੇ ਵਾੜੇ ਵਿੱਚ ਰੱਖਿਆ ਹੋਇਆ ਸੀ। ਭਤੀਜੇ ਵੱਲੋਂ ਆਪਣੇ ਬਜ਼ੁਰਗ ਤਾਏ ਦੀ ਕੁੱਟਮਾਰ ਵੀ ਕੀਤੀ ਗਈ ਹੈ ਜਿਸ ਦੇ ਨਿਸ਼ਾਨ ਬਜ਼ੁਰਗ ਦੇ ਸਰੀਰ 'ਤੇ ਸਾਫ ਵਿਖਾਈ ਦੇ ਰਹੇ ਹਨ।
ਜਾਣਕਾਰੀ ਮੁਤਾਬਕ ਪਿੰਡ ਘਿਆਲਾ ਦਾ 65 ਵਰ੍ਹਿਆਂ ਦਾ ਬਜ਼ੁਰਗ ਜੋਗਿੰਦਰ ਪਾਲ ਪਿੰਡ ਵਿੱਚ ਹੀ ਆਪਣੇ ਭਤੀਜੇ ਦੇ ਪਰਿਵਾਰ ਨਾਲ ਰਹਿੰਦਾ ਹੈ। ਪੀੜਤ ਜੋਗਿੰਦਰ ਪਾਲ ਨੇ ਦੱਸਿਆ ਕਿ ਉਸ ਦੇ ਭਤੀਜੇ ਰਿੰਕੂ ਨੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਸ਼ੂਆਂ ਵਾਲੇ ਵਾੜੇ ਵਿੱਚ ਚਾਰ-ਪੰਜ ਦਿਨਾਂ ਤੋਂ ਰੱਖਿਆ ਹੋਇਆ ਸੀ। ਜੋਗਿੰਦਰ ਪਾਲ ਨੇ ਕਿਹਾ ਕਿ ਉਸ ਦੇ ਭਤੀਜੇ ਰਿੰਕੂ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਹੈ।
ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਸਰਪੰਚ ਪ੍ਰਵੀਣ ਕੁਮਾਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਜ਼ੁਰਗ ਨੂੰ ਆਜ਼ਾਦ ਕਰਵਾਇਆ। ਸਰਪੰਚ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਨੂੰ ਸਜਾ ਮਿਲਣੀ ਚਾਹੀਦੀ ਹੈ ਅਤੇ ਬਜ਼ੁਰਗ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਇਸ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਾਰਕੁੰਨ ਰਾਜਾ ਜੁਲਕਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਇਸ ਬਾਰੇ ਇੱਕ ਸ਼ਿਕਾਇਤ ਪੰਜਾਬ ਪੁਲਿਸ ਮੁਖੀ ਅਤੇ ਸਬੰਧਤ ਥਾਣੇ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਜ਼ੁਰਗ ਨੂੰ ਇਨਸਾਫ ਲੈਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ।