ਪਠਾਨਕੋਟ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂ ਪੂਰਬ ਨੂੰ ਸਮਰਪਿਤ ਗੁਰੂ ਸ਼ਬਦ ਯਾਤਰਾ ਦੀ ਸ਼ੁਰੂਆਤ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਤੋਂ ਹੋਈ ਸੀ ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ 3 ਅਪ੍ਰੈਲ ਨੂੰ ਪਠਾਨਕੋਟ ਵਿਖੇ ਪਹੁੰਚੀ ਸੀ। ਇੱਥੇ ਸੰਗਤਾਂ ਨੇ ਸ਼ਬਦ ਗੁਰੂ ਯਾਤਰਾ ਵਿੱਚ ਲਿਆਉਂਦੀ ਗਈ ਪਾਲਕੀ ਸਾਹਿਬ ਦੇ ਦਰਸ਼ਨ ਕਰ ਕੇ ਮੱਥਾ ਟੇਕਿਆ।
ਪਠਾਨਕੋਟ ਦੀਆਂ ਸੰਗਤਾਂ ਵਲੋਂ ਇਸ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ ਹੈ ਤਾਂ ਗੁਰੂ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਸ ਯਾਤਰਾ ਦੀ ਸੂਬੇ ਦੇ ਬਾਕੀ ਲੋਕ ਵੀ ਦਰਸ਼ਨ ਕਰ ਸਕਣ। ਪਠਾਨਕੋਟ ਤੋਂ ਰਵਾਨਾ ਹੋਈ ਗੁਰੂ ਸ਼ਬਦ ਯਾਤਰਾ ਦੇ ਚਲਦੇ ਜਦ ਪ੍ਰਬੰਧਕਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਯਾਤਰਾ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬੀਤੇ ਦਿਨ ਪਠਾਨਕੋਟ ਪਹੁੰਚੀ ਸੀ, ਜਿੱਥੇ ਸੰਗਤ ਵਲੋਂ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਹਣ ਇਹ ਯਾਤਰਾ ਸੁਜਾਨਪੁਰ, ਭੋਆ ਤੋਂ ਹੁੰਦੀ ਹੋਈ ਸ਼ਾਮ ਨੂੰ ਗੁਰਦਾਸਪੁਰ ਦੇ ਦੀਨਾਨਗਰ ਪਹੁੰਚੇਗੀ, ਜਿੱਥੋਂ ਦੇ ਦੋਰਾਂਗਾਲਾ ਵਿਖੇ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਵਿੱਚ ਯਾਤਰਾ ਦੇ ਰੁਕਣ ਦੀ ਵਿਵਸਥਾ ਕੀਤੀ ਗਈ ਹੈ।