ਪਠਾਨਕੋਟ : ਆਈਐਸਆਈਐਸ ਅੱਤਵਾਦੀ ਸੰਗਠਨ ਵੱਲੋਂ ਇੱਕ ਚਿੱਠੀ ਰਾਹੀਂ ਪਠਾਨਕੋਟ ਦੇ ਸ਼ਹਿਰ ਅਤੇ ਕੈਂਟ ਦੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੇ ਚਲਦੇ ਸ਼ਹਿਰ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਧਮਕੀ ਭਰੀ ਚਿੱਠੀ ਸ਼ਹਿਰ 'ਚ ਸਥਿਤ ਜੀਆਰਪੀ ਹੈਡਕੁਆਰਟਰ ਦੇ ਪਤੇ ਉੱਤੇ ਡਾਕ ਰਾਹੀਂ ਭੇਜੀ ਗਈ ਸੀ। ਇਸ ਚਿੱਠੀ ਮਿਲਣ ਦੀ ਪੁਸ਼ਟੀ ਇਥੇ ਜੀਆਰਪੀ ਦੇ ਥਾਣਾ ਇੰਚਾਰਜ ਵੱਲੋਂ ਕੀਤੀ ਗਈ ਹੈ।
ਆਈਐਸਆਈਐਸ ਵੱਲੋਂ ਇਸ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਪਠਾਨਕੋਟ ਤੋਂ ਜੰਮੂ ਤੱਕ ਜਾਣ ਵਾਲੇ ਸਾਰੇ ਸਟੇਸ਼ਨਾਂ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਜਨਤਕ ਸਥਾਨਾਂ - ਸ਼ਾਪਿੰਗ ਮਾਲ ,ਬਜ਼ਾਰਾ ,ਬੱਸ ਸਟੈਂਡ ਆਦਿ ਉੱਤੇ ਸਾਦੀ ਵਰਦੀ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜੀਆਰਪੀ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਜਨਤਕ ਥਾਵਾਂ ਅਤੇ ਸ਼ਟੇਸ਼ਨਾਂ ਉੱਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਨਾ ਹੋ ਸਕੇ।