ਪਠਾਨਕੋਟ: ਕਈ ਵਪਾਰੀ ਆਪਣੇ ਨਿੱਜੀ ਫ਼ਾਇਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਅਜਿਹੇ ਲੋਕਾਂ ਵਿਰੁੱਧ ਕੜੀ ਕਾਰਵਾਈ ਕਰਦੇ ਹੋਏ ਪਠਾਨਕੋਟ ਦੇ ਫ਼ੂਡ ਸੇਫ਼ਟੀ ਵਿਭਾਗ ਵੱਲੋਂ ਸ਼ਹਿਰ ਦੀ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਫ਼ੂਡ ਅਤੇ ਸੇਫ਼ਟੀ ਵਿਭਾਗ ਵੱਲੋਂ ਪਿੰਡ ਗੰਦਲਾ ਲਾੜੀ ਵਿਖੇ ਪਾਣੀ ਦੀ ਪੈਕਿੰਗ ਕਰਨ ਵਾਲੀ ਇੱਕ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਬਾਰੇ ਦੱਸਦੇ ਹੋਏ ਫ਼ੂਡ ਸਪਲਾਈ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਪਨੀ ਬਿਨ੍ਹਾਂ ਕਿਸੇ ਲਾਈਸੈਂਸ ਤੇ ਫ਼ੂਡ ਰਜਿਸਟ੍ਰੇਸ਼ਨ ਨੰਬਰ 'ਤੇ ਚਲਾਈ ਜਾ ਰਹੀ ਹੈ। ਇੱਥੇ ਪਿਛਲੇ ਦੋ ਮਹੀਨੀਆਂ ਤੋਂ ਪਾਣੀ ਦੀ ਪੈਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਕਲਰਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਫੂਕਿਆ ਪੁਤਲਾ
ਉਨ੍ਹਾਂ ਦੱਸਿਆ ਕਿ ਫ਼ੂਡ ਸੇਫ਼ਟੀ ਵਿਭਾਗ ਦੀ ਟੀਮ ਵੱਲੋਂ ਪੈਕਿੰਗ ਕੀਤੇ ਜਾਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਫੈਕਟਰੀ ਮਾਲਕ ਕੋਲੋਂ ਕੰਪਨੀ ਦੇ ਲਾਇਸੈਂਸ ਤੇ ਕਾਗਜ਼ਾਤ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਕਾਗਜ਼ਾਤ ਵਿਖਾਉਣ ਵਿੱਚ ਅਸਫ਼ਲ ਰਹੇ। ਇਸ ਕਾਰਨ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਰੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਮਗਰੋਂ ਕੰਪਨੀ ਵਿਰੁੱਧ ਅਗਲੀ ਕਾਰਵਾਈ ਕੀਤੀ ਜਾਵੇਗੀ।