ਪਠਾਨਕੋਟ: ਸੁਰੱਖਿਆ ਏਜੰਸੀਆਂ ਵੱਲੋਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹਾਈ-ਅਲਰਟ ਐਲਾਨਣ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪਠਾਨਕੋਟ ਪੁਲਿਸ ਵੱਲੋਂ ਚੱਪੇ-ਚੱਪੇ 'ਤੇ ਪੁਲਿਸ ਤੈਨਾਤ ਕਰ ਦਿੱਤੀ ਹੈ ਅਤੇ ਪੁਲਿਸ ਪਾਰਟੀ ਵੱਲੋਂ ਬਣਾਈਆਂ ਟੀਮਾਂ ਵੱਲੋਂ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਜੰਗਲਾਤ ਤੋਂ ਇਲਾਵਾ ਪਿੰਡਾਂ ਵਿੱਚ ਸਰਚ ਕੀਤੀ ਜਾ ਰਹੀ ਹੈ।
ਖੁਫੀਆ ਏਜੰਸੀਆਂ ਤੋਂ ਮਿਲ ਰਹੀ ਸੂਹ ਦੇ ਤਹਿਤ ਜਿੱਥੇ ਪੁਲਿਸ ਪੁਰੀ ਤਰ੍ਹਾਂ ਚੌਕਸ ਹੋ ਗਈ ਹੈ ਉੱਥੇ ਹੀ ਪੁਲਿਸ ਵੱਲੋਂ ਤਿੰਨ ਦਿਨਾਂ ਦਾ ਸਪੈਸ਼ਲ ਸਰਚ ਓਪਰੇਸ਼ਨ ਪਠਾਨਕੋਟ ਗੁਰਦਾਸਪੁਰ ਅਤੇ ਬਟਾਲਾ ਵਿੱਚ ਚਲਾਇਆ ਜਾ ਰਿਹਾ ਹੈ ਜਿਸ ਵਿਚ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਪਿੰਡਾਂ ਦੇ ਪਿੰਡ ਖੰਗਾਲੇ ਜਾ ਰਹੇ ਹਨ ਅਤੇ ਹਰ ਟੀਮ ਨੇ 5 ਤੋਂ 6 ਪਿੰਡਾਂ ਦਾ ਚੱਪਾ ਚੱਪਾ ਖੰਗਾਲਣਾ ਹੈ। ਹਰ ਟੀਮ ਵਿੱਚ ਐਸ ਪੀ ਅਤੇ ਡੀ ਐਸ ਪੀ ਰੈਂਕ ਦੇ ਅਧਿਕਾਰੀ ਹੇਠ 15 ਤੋਂ 20 ਮੁਲਾਜ਼ਮ ਸਰਚ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆ ਡੀ ਐਸ ਪੀ ਨੇ ਦੱਸਿਆ ਕਿ ਪੰਜਾਬ ਅਲਰਟ 'ਤੇ ਹੈ ਅਤੇ ਪਠਾਨਕੋਟ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਪੂਰੇ ਪੰਜਾਬ ਤੋਂ ਪੁਲਿਸ ਫੋਰਸ ਮੰਗਵਾ ਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਸਾਰੀਆਂ ਹੀ ਏਜੰਸੀਆਂ ਕੋਲ ਅਜਿਹੀ ਸੂਹ ਸੀ ਕਿ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਵਿੱਚ ਦਹਿਸ਼ਤਗਰਦ ਹਮਲੇ ਦਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਇਹ ਜ਼ਿਲ੍ਹੇ ਜਿੱਥੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਹਨ। ਦਰਅਸਲ, ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਾਕਿਸਤਾਨ ’ਚ ਰਹਿ ਰਹੇ ਅੱਤਵਾਦੀਆਂ ਨੇ ਡ੍ਰੋਨ ਜਹਾਜ਼ਾਂ ਰਾਹੀਂ ਭਾਰਤੀ ਪੰਜਾਬ ਵਿੱਚ ਅਸਾਲਟ ਰਾਈਫ਼ਲਾਂ ਤੇ ਗ੍ਰੇਨੇਡ ਸੁੱਟੇ ਸਨ।
ਇਹ ਵੀ ਪੜੋ: 6 ਘੰਟਿਆਂ ਤੱਕ ਚੱਲੀ ਮੋਦੀ-ਸ਼ੀ ਦੀ ਮੀਟਿੰਗ, ਕਈ ਮੁੱਦਿਆਂ ਉੱਤੇ ਹੋਈ ਗੱਲ
ਪਿਛਲੇ ਮਹੀਨੇ ਸੁਰੱਖਿਆ ਬਲਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਆਏ 8 ਡ੍ਰੋਨਜ਼ ਨੇ 80 ਕਿਲੋਗ੍ਰਾਮ ਦੇ ਲਗਭਗ ਅਸਲਾ ਤੇ ਹੋਰ ਗੋਲੀ–ਸਿੱਕਾ ਭਾਰਤੀ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚ ਸੁੱਟਿਆ ਸੀ।