ਪਠਾਨਕੋਟ: ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਵੱਲੋਂ ਰਾਜਨੀਤਿਕ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਭਾਜਪਾ ਦੇ ਹਲਕਿਆਂ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਜਪਾ ਵੱਲੋਂ ਹਲਕਾ ਭੋਆ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਸਵਰਗੀ ਬਿਸ਼ੰਭਰ ਦਾਸ ਦੇ ਪਰਿਵਾਰ ਸਮੇਤ ਲਗਭਗ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਜ਼ਿਲ੍ਹਾ ਅਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਜੋ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ ਅਤੇ ਸਮਾਂ ਆਉਣ ਉੱਤੇ ਉਨ੍ਹਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੈਰ ਹਿੱਲ ਚੁੱਕੇ ਹਨ। ਇਹ ਜੱਗ-ਜਾਹਿਰ ਹੋ ਚੁੱਕਾ ਹੈ ਕਿ ਕਿਸਾਨ ਵਿਰੋਧੀ ਜੋ ਕਾਨੂੰਨ ਪਾਸ ਕੀਤਾ ਗਿਆ ਸੀ ਉਸ ਵਿੱਚ ਪੰਜਾਬ ਸਰਕਾਰ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਹਲਕਾ ਭੋਆ ਦੇ ਕਈ ਪਰਿਵਾਰ ਲੋਕ ਅਕਾਲੀ ਦਲ ਦੇ ਨਾਲ ਜੁੜੇ ਹਨ ਜੋ ਕਿ ਹਲਕਾ ਭੋਆ ਦੀ ਰੀੜ੍ਹ ਦੀ ਹੱਡੀ ਸਨ।