ਪਠਾਨਕੋਟ: ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਜੋ ਕਿ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਉਤੇ ਚੰਡੀਗੜ੍ਹ 'ਚ ਦਿੱਤੇ ਇੱਕ ਬਿਆਨ 'ਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਸਨ। ਜਿਸ ਤੋਂ ਬਾਅਦ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਵੱਲੋਂ ਇਕ ਧਰਨਾ ਹਲਕਾ ਵਿਧਾਇਕ ਦੇ ਸੁੰਦਰਚੱਕ ਪਿੰਡ 'ਚ ਦਫ਼ਤਰ ਦੇ ਬਾਹਰ ਦਿੱਤਾ ਗਿਆ, ਜਿਸ 'ਚ ਵਿਧਾਇਕ ਮੁੱਖ ਤੌਰ 'ਤੇ ਪੁੱਜੇ।
ਉਨ੍ਹਾਂ ਨੇ ਇਸ ਧਰਨੇ 'ਤੇ ਬੈਠੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਣ ਨੂੰ ਤਿਆਰ ਹਨ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਧਰਨਾ ਚੁੱਕ ਲਿਆ ਗਿਆ।
ਇਸ ਮੌਕੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਜੇਕਰ ਉਨ੍ਹਾਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤ ਗੱਲ ਆਖੀ ਗਈ ਤਾਂ ਉਹ ਆਪਣੀ ਉਸ ਗੱਲ ਤੇ ਮੁਆਫ਼ੀ ਮੰਗਣ ਨੂੰ ਤਿਆਰ ਹਨ।
ਦੂਜੇ ਪਾਸੇ ਇਸ ਬਾਰੇ ਅਕਾਲੀ ਆਗੂ ਸੁਰਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਵਿਧਾਇਕ ਜੋਗਿੰਦਰ ਪਾਲ ਵੱਲੋਂ ਜੋ ਗੁਰੂ ਸਾਹਿਬਾਨ ਅਤੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਲਨਾ ਕੀਤੀ ਸੀ, ਉਸ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ, ਜਿਸ 'ਚ ਵਿਧਾਇਕ ਸਾਹਿਬ ਵਲੋਂ ਆਪਣੀ ਕੀਤੀ ਗੱਲ 'ਤੇ ਮੁਆਫ਼ੀ ਮੰਗ ਲਈ ਗਈ ਹੈ।