ਮੋਗਾ: ਪਿੰਡ ਸਲੀਣ੍ਹਾ 'ਚ 31 ਸਾਲਾ ਨੌਜਵਾਨ ਨਵਦੀਪ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਮ੍ਰਿਤਕ ਦੇ ਪਿਤਾ ਧਰਮਵੀਰ ਨੇ ਦੱਸਿਆ ਕਿ ਨਵਦੀਪ ਪਿਛਲੇ 14-15 ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਹੈ ਤੇ ਉਹ ਛੋਟਾ ਹਾਥੀ ਚਲਾਉਂਦਾ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ ਪਰ ਫਿਰ ਵੀ ਉਸ ਦੀ ਆਦਤ ਨਹੀਂ ਗਈ। ਨਵਦੀਪ ਮੈਡੀਕਲ ਨਸ਼ੇ ਦੇ ਨਾਲ-ਨਾਲ ਚਿੱਟੇ ਦਾ ਆਦੀ ਵੀ ਹੋ ਚੁੱਕਿਆ ਸੀ।
ਉਨ੍ਹਾਂ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਨਵਦੀਪ ਬਾਹਰੋਂ ਹੀ ਨਸ਼ਾ ਕਰਕੇ ਆਇਆ ਸੀ ਤੇ ਘਰ ਆ ਕੇ ਉਸ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉੱਥੇ ਹੀ ਪਰਿਵਾਰ ਨੇ ਪੁਲਿਸ 'ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਆਪਣੇ ਬਿਆਨਾਂ ਵਿੱਚ ਇਹ ਸਾਫ਼ ਲਿਖਵਾਇਆ ਸੀ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਓਵਰਡੋਜ਼ ਨਾਲ ਹੋਈ ਹੈ ਜਦਕਿ ਪੁਲਿਸ ਨੇ ਉਨ੍ਹਾਂ 'ਤੇ ਦਬਾਅ ਪਾ ਕੇ ਨਵਦੀਪ ਦੇ ਮਾਨਸਿਕ ਪ੍ਰੇਸ਼ਾਨ ਰਹਿਣ ਦੀ ਗੱਲ ਬਿਆਨ ਕਰਵਾਈ ਤੇ ਧਾਰਾ 174 ਦੀ ਕਾਰਵਾਈ ਕਰਨ ਲਈ ਮਜਬੂਰ ਕੀਤਾ।
ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ ਪਾਈ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਬੁਝਣ ਤੋਂ ਬਚਾਇਆ ਜਾ ਸਕੇ। ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐੱਸਐੱਚਓ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਦੇ ਬਿਆਨਾਂ ਮੁਤਾਬਕ ਹੀ ਕਾਰਵਾਈ ਕੀਤੀ ਹੈ ਤੇ ਉਨ੍ਹਾਂ 'ਤੇ ਕੋਈ ਵੀ ਦਬਾਅ ਨਹੀਂ ਬਣਾਇਆ ਜੋ ਪਰਿਵਾਰ ਨੇ ਬਿਆਨ ਦਿੱਤੇ ਸੀ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਹੈ।
ਸਰਕਾਰ ਹਰ ਰੋਜ਼ ਦਾਅਵੇ ਕਰਦੀ ਹੈ ਕਿ ਨਸ਼ਿਆਂ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਪਰ ਫਿਰ ਵੀ ਆਏ ਦਿਨ ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਲੋੜ ਹੈ ਸਰਕਾਰ ਨੂੰ ਕਾਗਜ਼ੀ ਕਾਰਵਾਈਆਂ ਤੋਂ ਬਾਹਰ ਆ ਕੇ ਜ਼ਮੀਨੀ ਪੱਧਰ 'ਤੇ ਕਾਰਵਾਈ ਕਰਕੇ ਨਸ਼ਿਆਂ 'ਤੇ ਕਾਬੂ ਪਾਉਣ ਦੀ ਤਾਂ ਕਿ ਲੋਕਾਂ ਦੀ ਨਜ਼ਰ ਵਿੱਚ ਸਰਕਾਰ ਪ੍ਰਤੀ ਵਿਸ਼ਵਾਸ ਬਣਿਆ ਰਹੇ।